ਰਾਜਾ ਵੜਿੰਗ ਵੱਲੋਂ ਸਾਬਕਾ DGP ਮੁਹੰਮਦ ਮੁਸਤਫਾ ਨੂੰ ਕਾਨੂੰਨੀ ਨੋਟਿਸ
Raja Warring legal notice to former DGP: ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਪੰਜਾਬ DGP ਮੁਹੰਮਦ ਮੁਸਤਫਾ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਨੋਟਿਸ ਮੁਸਤਫਾ ਵੱਲੋਂ ‘ਵਕਤ ਦੇ ਬੋਲ’ ਇੰਟਰਵਿਊ ਦੌਰਾਨ ਰਾਜਾ ਵੜਿੰਗ ਬਾਰੇ ਕੀਤੀਆਂ ਕਥਿਤ ਟਿੱਪਣੀਆਂ ਨੂੰ ਲੈ ਕੇ ਭੇਜਿਆ ਗਿਆ ਹੈ। ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁਹੰਮਦ ਮੁਸਤਫਾ ਨੇ ਰਾਜਾ ਵੜਿੰਗ ਖ਼ਿਲਾਫ਼ ਕਥਿਤ ਤੌਰ ’ਤੇ ਝੂਠੇ, ਬਦਨਾਮੀ ਭਰੇ ਅਤੇ ਇਤਰਾਜ਼ਯੋਗ ਬਿਆਨ ਦਿੱਤੇ ਹਨ। ਨੋਟਿਸ ਮੁਤਾਬਕ ਇਨ੍ਹਾਂ ਬਿਆਨਾਂ ਰਾਹੀਂ ਰਾਜਾ ਵੜਿੰਗ ਦੀ ਸਿਆਸੀ ਅਤੇ ਜਨਤਕ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬਿਆਨ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਦੀ ਮੰਗ
ਕਾਨੂੰਨੀ ਨੋਟਿਸ ਵਿੱਚ ਮੁਹੰਮਦ ਮੁਸਤਫਾ ਨੂੰ ਕਥਿਤ ਇਤਰਾਜ਼ਯੋਗ ਬਿਆਨ ਤੁਰੰਤ ਵਾਪਸ ਲੈਣ ਅਤੇ ਬਿਨਾਂ ਸ਼ਰਤ ਜਨਤਕ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਵਿੱਖ ਵਿੱਚ ਰਾਜਾ ਵੜਿੰਗ ਬਾਰੇ ਅਜਿਹੇ ਬਿਆਨ ਦੇਣ, ਪ੍ਰਕਾਸ਼ਿਤ ਕਰਨ ਜਾਂ ਕਿਸੇ ਵੀ ਮਾਧਿਅਮ ਰਾਹੀਂ ਪ੍ਰਸਾਰਿਤ ਕਰਨ ਤੋਂ ਗੁਰੇਜ਼ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਇੰਟਰਵਿਊ ਦੀਆਂ ਕਲਿੱਪਾਂ ਹਟਾਉਣ ਲਈ ਵੀ ਕਿਹਾ
ਨੋਟਿਸ ਵਿੱਚ ਇੰਟਰਵਿਊ ਨਾਲ ਸਬੰਧਤ ਕਥਿਤ ਇਤਰਾਜ਼ਯੋਗ ਵੀਡੀਓ ਕਲਿੱਪਾਂ, ਪੋਸਟਾਂ ਜਾਂ ਹੋਰ ਸਮੱਗਰੀ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ। ਰਾਜਾ ਵੜਿੰਗ ਵੱਲੋਂ ਮੁਹੰਮਦ ਮੁਸਤਫਾ ਤੋਂ 48 ਘੰਟਿਆਂ ਦੇ ਅੰਦਰ ਲਿਖਤੀ ਅੰਡਰਟੇਕਿੰਗ ਦੇਣ ਲਈ ਕਿਹਾ ਗਿਆ ਹੈ ਕਿ ਉਹ ਅੱਗੇ ਤੋਂ ਅਜਿਹੀਆਂ ਟਿੱਪਣੀਆਂ ਨਹੀਂ ਕਰਨਗੇ।
ਕਾਰਵਾਈ ਨਾ ਹੋਣ ’ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ
ਨੋਟਿਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਮੰਗਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਰਾਜਾ ਵੜਿੰਗ ਵੱਲੋਂ BNS ਦੀ ਧਾਰਾ 356 ਸਮੇਤ ਸਿਵਲ ਅਤੇ ਹੋਰ ਉਪਲਬਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਕਾਨੂੰਨੀ ਨੋਟਿਸ ਤੋਂ ਬਾਅਦ ਸਾਬਕਾ DGP ਮੁਹੰਮਦ ਮੁਸਤਫਾ ਵੱਲੋਂ ਕੋਈ ਜਵਾਬ ਜਾਂ ਪ੍ਰਤੀਕਿਰਿਆ ਸਾਹਮਣੇ ਆਉਣੀ ਬਾਕੀ ਹੈ।
