Punjab News: ਮਾਨਯੋਗ ਜ਼ਿਲ੍ਹਾ ਸੈਸ਼ਨ ਕੋਰਟ ਫਿਰੋਜ਼ਪੁਰ ਵੱਲੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਸਦੇ ਸਾਥੀਆਂ ਨੂੰ ਇਰਾਦਾ- ਏ-ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਮਹਿੰਦਰਜੀਤ ਸਿੰਘ ਜ਼ੀਰਾ ਦਾ ਜ਼ੀਰਾ ਦੇ ਪਿੰਡ ਬੱਗੀ ਪਤਨੀ ਵਿੱਚ 10 ਏਕੜ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਇਸ ਘਟਨਾ ਵਿੱਚ ਗੁਰਲਾਲ ਸਿੰਘ ਨਾਮ ਦਾ ਵਿਅਕਤੀ ਜ਼ਖ਼ਮੀ ਹੋ ਗਿਆ ਸੀ, ਜਿਸਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਅੱਠ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਿਨ੍ਹਾਂ ਵਿਰੁੱਧ ਥਾਣਾ ਸਦਰ ਜ਼ੀਰਾ ਵਿੱਚ 6 ਜੂਨ 2024 ਨੂੰ ਐੱਫਆਈਆਰ ਨੰਬਰ 65 ਧਾਰਾ 307 ਦਾ ਪਰਚਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਪਰਿਵਾਰ ਨਾਲ ਰਾਜ਼ੀਨਾਮਾ ਹੋਣ ਤੋਂ ਬਾਅਦ ਅੱਜ ਮਾਨਯੋਗ ਸੈਸ਼ਨ ਕੋਰਟ ਦੇ ਜੱਜ ਵਰਿੰਦਰ ਅਗਰਵਾਲ ਵੱਲੋਂ ਉਨ੍ਹਾਂ ਸਮੇਤ ਮਹਿੰਦਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ, ਕਰਨੈਲ ਸਿੰਘ ਪੁੱਤਰ ਰਾਮ ਸਿੰਘ, ਮਹਿਕਦੀਪ ਸਿੰਘ ਪੁੱਤਰ ਮਹਿੰਦਰਜੀਤ ਸਿੰਘ, ਬਲਵਿੰਦਰ ਸਿੰਘ,ਬੂਟਾ ਸਿੰਘ, ਕੁਲਬੀਰ ਸਿੰਘ ਟਿੰਮੀ, ਡਾ. ਰਸ਼ਪਾਲ ਸਿੰਘ ਨੂੰ ਇਸ ਕੇਸ ਵਿੱਚੋਂ ਬਾ- ਇੱਜਤ ਬਰੀ ਕਰ ਦਿੱਤਾ ਗਿਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਮੇਰੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ, ਜਦਕਿ ਇਸ ਵਿਵਾਦ ਦੌਰਾਨ ਉਹ ਜ਼ੀਰਾ ਵਿੱਚ ਮੌਜ਼ੂਦ ਨਹੀਂ ਸਨ। ਇਸ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ।