30 ਅਗਸਤ ਨੂੰ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਮੀਰੀ ਪੀਰੀ ਖਾਲਸਾ ਮਾਰਚ ਦਾ ਕੀਤਾ ਜਾਵੇਗਾ ਸੰਗਤਾਂ ਵੱਲੋਂ ਭਰਮਾ ਸਵਾਗਤ : ਸ਼੍ਰੋਮਣੀ ਕਮੇਟੀ
Khalsa March 2026; ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਦੀਵਸ ਨੂੰ ਸਮਰਪਿਤ ਖਾਲਸਾ ਮਾਰਚ ਦੇ ਦੂਸਰੇ ਪੜਾਅ ਤਹਿਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ਹੋਏ ਵਿਸ਼ਾਲ ਖਾਲਸਾ ਮਾਰਚ ਦੇ ਫਤਿਹਗੜ੍ਹ ਸਾਹਿਬ ਸਾਹਿਬ ਪਹੁੰਚਣ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਹੋਈ।
ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ, ਐਗਜੈਕਟਿਵ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਬਲਜੀਤ ਸਿੰਘ ਭੁੱਟਾ, ਹਲਕਾ ਬੱਸੀ ਪਠਾਣਾ ਤੋਂ ਇੰਚਾਰਜ ਦਰਬਾਰਾ ਸਿੰਘ ਗੁਰੂ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਤੇ ਵਰਕਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਤੇ ਹੋਰ ਸਟਾਫ ਮੈਂਬਰ ਸਾਹਿਬਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਦੀਵਸ ਨੂੰ ਸਮਰਪਿਤ ਖਾਲਸਾ ਮਾਰਚ ਦੇ ਦੂਸਰੇ ਪੜਾਅ ਤਹਿਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ਹੋਏ ਵਿਸ਼ਾਲ ਖਾਲਸਾ ਮਾਰਚ ਵੱਖੋ ਵੱਖ ਪੜਾਅ ਤੈਅ ਕਰਦਾ ਹੋਇਆ ਮਿਤੀ 30 ਅਗਸਤ ਨੂੰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਤੋਂ ਸਵੇਰ 09:00 ਵਜੇ ਅਰੰਭ ਹੋ ਕੇ ਵਾਇਆ ਜੇਲ੍ਹ ਰੋਡ, ਭਾਦਸੋਂ ਰੋਡ, ਸੱਦੂਵਾਲ, ਸਿੰਬੜੇ, ਆਲੋਵਾਲ, ਅੱਡਾ ਦਿੱਤੂਪੁਰ, ਡਕੌਂਦਾ, ਟੌਹੜਾ, ਤਰਖੇੜੀ (ਦੁਪਹਿਰ ਦਾ ਲੰਗਰ), ਜੱਲ੍ਹਾ ਸੋਢਾ, ਤਰਖਾਣ ਮਾਜਰਾ, ਸਰਹਿੰਦ, ਗੁ:ਸ੍ਰੀ ਫਤਹਿਗੜ੍ਹ ਸਾਹਿਬ (ਰਾਤ੍ਰੀ ਵਿਸ਼ਰਾਮ) ਕਰੇਗਾ ਅਤੇ ਮਿਤੀ 31 ਅਗਸਤ 2026 ਨੂੰ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਸਵੇਰ 09:00 ਵਜੇ ਅਰੰਭ ਹੋ ਕੇ ਵਾਇਆ ਹਰਬੰਸ ਪੁਰਾ, ਮੰਡੀ ਗੋਬਿੰਦਗੜ, ਖੰਨਾ, ਮਾਲੇਰਕੋਟਲਾ ਚੌਂਕ, ਇਕੋਲਾਹਾ, ਚਕੋਹੀ, ਗੁ: ਡੇਹਰਾ ਸਾਹਿਬ ਭਮੰਦੀ (ਦੁਪਹਿਰ ਦਾ ਲੰਗਰ), ਪਾਇਲ, ਘੁਡਾਣੀ ਕਲਾਂ, ਰਾੜਾ ਸਾਹਿਬ, ਲਾਪਰਾਂ, ਘਵੱਦੀ, ਸ਼ਰੀਂਹ, ਗੁ: ਮੰਜੀ ਸਾਹਿਬ ਪਾ: ਦਸਵੀਂ ਆਲਮਗੀਰ (ਰਾਤ੍ਰੀ ਵਿਸ਼ਰਾਮ) ਕੀਤਾ ਜਾਵੇਗਾ ।
ਆਗੂਆਂ ਨੇ ਦੱਸਿਆ ਕਿ ਇਤਿਹਾਸਿਕ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਪਿੰਡ ਭਮਾਰਸੀ ਦੀ ਦਾਣਾ ਮੰਡੀ ਵਿਖੇ ਵੱਡਾ ਇਕੱਠ ਕਰਕੇ ਸੰਗਤਾਂ ਵੱਲੋਂ ਵਿਸ਼ਾਲ ਖਾਲਸਾ ਮਾਰਚ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਵੱਲੋਂ ਕੀਤੇ ਜਾਣ ਵਾਲੇ ਭਰਵੇ ਸਵਾਗਤ ਅਤੇ ਖਾਲਸਾ ਮਾਰਚ ਦੀ ਰਵਾਨਗੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਵੱਖੋ ਵੱਖ ਥਾਵਾਂ ਤੋਂ ਹੁੰਦੇ ਹੋਏ ਇਸ ਮਾਰਚ ਦੀ 4 ਸਤੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ।
