ਗਰਲਫ੍ਰੈਂਡ ਤੋਂ ਕਾਰ ‘ਤੇ ਕਰਵਾਏ 3400 Kiss ! ਲਾਈਕਸ ਤੇ ਵਿਊਜ਼ ਦੇ ਚੱਕਰ ‘ਚ ਪਹੁੰਚਿਆ ਥਾਣੇ
- ਪੁਲਿਸ ਨੇ ਨੌਜਵਾਨ ਦੇ ਹੱਥੋਂ ਹੀ ਸਾਫ਼ ਕਰਵਾਈ ਕਾਰ
Girlfriend gives 3400 kisses in car: ਗਵਾਲੀਅਰ: ਸੋਸ਼ਲ ਮੀਡੀਆ ‘ਤੇ ਰੀਲਾਂ ਬਣਾਉਣ ਅਤੇ ਫਾਲੋਅਰਜ਼ ਵਧਾਉਣ ਦਾ ਜਨੂੰਨ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਨੌਜਵਾਨ ਨੇ ਆਪਣੀ ਕਾਰ ਨੂੰ ਹੀ ‘ਕਿਸਿੰਗ ਕਾਰ’ ਬਣਾ ਦਿੱਤਾ। ਕਾਰ ਦੀ ਪੂਰੀ ਬਾਡੀ ‘ਤੇ ਲਾਲ ਲਿਪਸਟਿਕ ਨਾਲ ਕਰੀਬ 3400 Kiss ਯਾਨੀ ਚੁੰਮਣ ਦੇ ਨਿਸ਼ਾਨ ਬਣਾਏ ਗਏ। ਜਦੋਂ ਇਹ ਕਾਰ ਸੜਕਾਂ ‘ਤੇ ਦੌੜੀ ਤਾਂ ਲੋਕ ਹੈਰਾਨ ਰਹਿ ਗਏ, ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਕਰ ਦਿੱਤੀ।
ਜਾਣਕਾਰੀ ਅਨੁਸਾਰ, ਕਾਰ ਮਾਲਕ ਆਦਿਤਿਆ ਸਿਕਰਵਾਰ ਨੇ ਇੰਸਟਾਗ੍ਰਾਮ ‘ਤੇ ਟ੍ਰੈਂਡ ਸੈੱਟ ਕਰਨ ਅਤੇ ਫਾਲੋਅਰਜ਼ ਵਧਾਉਣ ਲਈ ਇਹ ਅਨੋਖੀ ਰੀਲ ਬਣਾਈ ਸੀ। ਉਸ ਦੀ ਗਰਲਫ੍ਰੈਂਡ ਨੇ ਵਿਦੇਸ਼ੀ ਟ੍ਰੈਂਡ ਤੋਂ ਪ੍ਰਭਾਵਿਤ ਹੋ ਕੇ ਕਾਰ ਦੀ ਪੂਰੀ ਬਾਡੀ ‘ਤੇ ਲਿਪਸਟਿਕ ਨਾਲ ਚੁੰਮਣ ਦੇ ਨਿਸ਼ਾਨ ਬਣਾਏ। ਇਸ ਪੂਰੀ ਪ੍ਰਕਿਰਿਆ ਵਿੱਚ ਕਰੀਬ ਸਾਢੇ ਤਿੰਨ ਤੋਂ ਚਾਰ ਘੰਟੇ ਲੱਗੇ।
ਇਸ ਤੋਂ ਬਾਅਦ ਆਦਿਤਿਆ ਕਾਰ ਨੂੰ ਗਵਾਲਿਯਰ ਦੇ ਸਿਟੀ ਸੈਂਟਰ ਤੋਂ ਥਾਟੀਪੁਰ ਇਲਾਕੇ ਵੱਲ ਲੈ ਕੇ ਨਿਕਲ ਪਿਆ। ਸੜਕ ‘ਤੇ ਅਜਿਹੀ ਕਾਰ ਦੇਖ ਕੇ ਲੋਕਾਂ ਦਾ ਧਿਆਨ ਭਟਕਣ ਲੱਗਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਵੀ ਸਾਹਮਣੇ ਆਇਆ। ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਮਹਿਜ਼ ਇੱਕ ਦਿਨ ਵਿੱਚ ਇਸ ਨੂੰ 55 ਲੱਖ ਤੋਂ ਵੱਧ ਵਿਊਜ਼ ਮਿਲ ਗਏ। ਹਾਲਾਂਕਿ, ਵੀਡੀਓ ਵਾਇਰਲ ਹੁੰਦਿਆਂ ਹੀ ਗਵਾਲਿਯਰ ਟ੍ਰੈਫਿਕ ਪੁਲਿਸ ਹਰਕਤ ਵਿੱਚ ਆ ਗਈ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ।
₹5500 ਦਾ ਚਲਾਨ, ਥਾਣੇ ‘ਚ ਖੁਦ ਸਾਫ਼ ਕੀਤੀ ਕਾਰ
ਟ੍ਰੈਫਿਕ ਪੁਲਿਸ ਨੇ ਕਾਰ ਦੇ ਨੰਬਰ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਅਤੇ ਥਾਟੀਪੁਰ ਇਲਾਕੇ ਤੋਂ ਵਾਹਨ ਨੂੰ ਬਰਾਮਦ ਕਰ ਲਿਆ। ਟ੍ਰੈਫਿਕ ਸੂਬੇਦਾਰ ਅਭਿਸ਼ੇਕ ਰਘੁਵੰਸ਼ੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਸਵਿਫਟ ਕਾਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ‘ਤੇ ਲਿਪਸਟਿਕ ਵਰਗੇ ਨਿਸ਼ਾਨ ਬਣੇ ਹੋਏ ਸਨ। ਪੁਲਿਸ ਨੇ ਕਾਰ ਚਾਲਕ ਨੂੰ ਥਾਣੇ ਬੁਲਾ ਕੇ ਮੋਟਰ ਵਹੀਕਲ ਐਕਟ ਦੇ ਤਹਿਤ ₹5500 ਦਾ ਜੁਰਮਾਨਾ ਕੀਤਾ।
ਇਸ ਦੇ ਨਾਲ ਹੀ ਪੁਲਿਸ ਨੇ ਨੌਜਵਾਨ ਤੋਂ ਥਾਣੇ ਵਿੱਚ ਹੀ ਆਪਣੀ ਕਾਰ ‘ਤੇ ਬਣੇ ਲਿਪਸਟਿਕ ਦੇ ਨਿਸ਼ਾਨ ਉਸ ਦੇ ਹੱਥਾਂ ਨਾਲ ਸਾਫ਼ ਕਰਵਾਏ। ਰੀਲ ਅਤੇ ਫਾਲੋਅਰਜ਼ ਦੇ ਚੱਕਰ ਵਿੱਚ ਬਣਾਈ ਗਈ ਇਹ ‘ਕਿਸਿੰਗ ਕਾਰ’ ਆਖਿਰਕਾਰ ਨੌਜਵਾਨ ਲਈ ਮੁਸੀਬਤ ਬਣ ਗਈ।
