Waqf Amendment Bill : ਵਕਫ਼ ਸੋਧ ਬਿੱਲ ਲੋਕ ਸਭਾ ‘ਚ ਪਾਸ, ਹੁਣ ਰਾਜ ਸਭਾ ਦੀ ਵਾਰੀ, ਦੁਪਹਿਰ 1 ਵਜੇ ਤੋਂ ਹੋਵੇਗੀ ਚਰਚਾ

Waqf Amendment Bill passed in Lok Sabha ; ਕਰੀਬ 12 ਘੰਟਿਆਂ ਦੀ ਮੈਰਾਥਨ ਚਰਚਾ ਤੋਂ ਬਾਅਦ ਵਕਫ਼ ਸੋਧ ਬਿੱਲ (Waqf Amendment Bill) ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਬਿੱਲ ਦੇ ਪੱਖ ‘ਚ 288 ਵੋਟਾਂ ਪਈਆਂ ਜਦਕਿ ਵਿਰੋਧ ‘ਚ 232 ਵੋਟਾਂ ਪਈਆਂ। ਇਸ ਦੇ ਨਾਲ ਹੀ ਹੁਣ ਰਾਜ ਸਭਾ ਦੀ ਵਾਰੀ ਹੈ। ਅੱਜ ਇਹ ਬਿੱਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਰਾਜ ਸਭਾ ‘ਚ ਇਸ ਬਿੱਲ ‘ਤੇ ਚਰਚਾ ਲਈ 8 ਘੰਟੇ ਦਾ ਸਮਾਂ ਤੈਅ ਕੀਤਾ ਗਿਆ ਹੈ।
ਬਾਅਦ ਦੁਪਹਿਰ 1 ਵਜੇ ਤੋਂ ਰਾਜ ਸਭਾ ‘ਚ ਬਿੱਲ ‘ਤੇ ਚਰਚਾ ਹੋਵੇਗੀ। ਕਾਂਗਰਸ ਨੂੰ ਰਾਜ ਸਭਾ ਵਿੱਚ ਬੋਲਣ ਲਈ 45 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਵਕਫ਼ ਸੋਧ ਬਿੱਲ ‘ਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਵਕਫ਼ ਕਾਨੂੰਨ ‘ਚ ਸੋਧ ਤੋਂ ਬਾਅਦ ਗਰੀਬ ਮੁਸਲਮਾਨਾਂ ਨੂੰ ਫਾਇਦਾ ਹੋਵੇਗਾ। ਲੋਕ ਸਭਾ ‘ਚ ਇਸ ਬਿੱਲ ‘ਤੇ ਚਰਚਾ ਦੌਰਾਨ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਇਸ ਨੂੰ ਅਸੰਵਿਧਾਨਕ ਕਰਾਰ ਦਿੱਤਾ ਹੈ।
AIMIM ਮੁਖੀ ਅਸਦੁਦੀਨ ਓਵੈਸੀ ਨੇ ਵਿਰੋਧ ਵਿੱਚ ਸਦਨ ਵਿੱਚ ਬਿੱਲ ਦੀ ਕਾਪੀ ਵੀ ਪਾੜ ਦਿੱਤੀ। ਸਾਰੇ ਵਿਰੋਧ ਤੋਂ ਬਾਅਦ ਦੇਰ ਰਾਤ ਲੋਕ ਸਭਾ ਵਿੱਚ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਹੁਣ ਇਸ ਦਾ ਲਿਟਮਸ ਟੈਸਟ ਰਾਜ ਸਭਾ ਵਿੱਚ ਹੋਣਾ ਹੈ।
ਲੋਕ ਸਭਾ ‘ਚ ਵਕਫ਼ ਸੋਧ ਬਿੱਲ ਦੇ ਪਾਸ ਹੋਣ ‘ਤੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਵਕਫ਼ ਸੋਧ ਬਿੱਲ ਨਵੀਂ ਉਮੀਦ ਹੈ। ਗਰੀਬ ਮੁਸਲਿਮ ਪਰਿਵਾਰ ਇਸ ਲਾਭ ਤੋਂ ਵਾਂਝੇ ਸਨ। ਕਾਂਗਰਸ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਤੇ 9 ਲੱਖ ਏਕੜ ਤੋਂ ਵੱਧ ਜ਼ਮੀਨ ਸਿਰਫ਼ 200 ਲੋਕਾਂ ਦੇ ਹੱਥਾਂ ਵਿੱਚ ਸੌਂਪੀ ਸੀ। ਉਹ ਵਕਫ਼ ਬਿੱਲ ਵਿੱਚ ਇਹ ਬਦਲਾਅ ਨਹੀਂ ਲਿਆਉਣਾ ਚਾਹੁੰਦੇ ਸਨ ਕਿਉਂਕਿ ਇਸ ਨੇ ਭ੍ਰਿਸ਼ਟਾਚਾਰ ਦੀਆਂ ਕਈ ਦੁਕਾਨਾਂ ਨੂੰ ਜਨਮ ਦਿੱਤਾ ਸੀ।