ਪਨਬੱਸ-PRTC ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਮੰਤਰੀ ਚੀਮਾ ਨਾਲ ਹੋਈ ਮੀਟਿੰਗ, ਪੜ੍ਹੋ ਕੀ ਨਿੱਕਲਿਆ ਨਤੀਜਾ ?
Minister Cheema Meeting with PUNBUS-PRTC contract employees: ਚੰਡੀਗੜ੍ਹ: ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਵਿਸ ਰੂਲ ਬਣਾਉਣ ’ਤੇ ਸਹਿਮਤੀ ਬਣੀ ਹੈ। ਇਸ ਸਬੰਧੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ 10 ਦਿਨਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਲਾਗੂ ਕਰਨ ’ਤੇ ਵੀ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ। ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਲਿਆਉਣ ਲਈ ਲੋੜੀਂਦੀਆਂ ਗਾਈਡਲਾਈਨਾਂ ਜਾਰੀ ਕਰਨ ਬਾਰੇ ਵੀ ਗੱਲਬਾਤ ਹੋਈ। ਮੁਲਾਜ਼ਮਾਂ ਖ਼ਿਲਾਫ਼ ਦਰਜ ਕਥਿਤ ਨਾਜਾਇਜ਼ ਪਰਚਿਆਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ’ਤੇ ਸਹਿਮਤੀ ਬਣੀ ਹੈ। ਉੱਥੇ ਹੀ ਘੱਟ ਤਨਖਾਹ ’ਤੇ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਸਮਾਨਤਾ ਲਿਆਉਣ ਲਈ ਸਬੰਧਤ ਫਾਈਲ ਵੀ ਮੰਗਵਾਈ ਗਈ ਹੈ।
ਮੀਟਿੰਗ ਦੌਰਾਨ ਬਹਾਲੀ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਦੀ ਵਾਪਸੀ ਲਈ ਕਾਰਵਾਈ ਅੱਗੇ ਵਧਾਉਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਪਨਬੱਸ ਅਤੇ PRTC ਦੇ ਬੇੜੇ ਵਿੱਚ ਅਗਲੇ ਦੋ ਮਹੀਨਿਆਂ ਅੰਦਰ ਨਵੀਆਂ ਬੱਸਾਂ ਸ਼ਾਮਲ ਕਰਨ ਅਤੇ ਟੈਂਡਰ ਪ੍ਰਕਿਰਿਆ ਰਾਹੀਂ 25 ਫੀਸਦੀ ਹੋਰ ਬੱਸਾਂ ਜੋੜਨ ’ਤੇ ਵੀ ਚਰਚਾ ਹੋਈ। ਯੂਨੀਅਨ ਅਤੇ ਸਰਕਾਰ ਵਿਚਾਲੇ ਅਗਲੀ ਮੀਟਿੰਗ 6 ਸਤੰਬਰ ਨੂੰ ਹੋਵੇਗੀ। ਮੁਲਾਜ਼ਮ ਜਥੇਬੰਦੀ ਨੇ ਸਰਕਾਰ ਨੂੰ ਮੰਗਾਂ ਲਾਗੂ ਕਰਨ ਲਈ 6 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਤੈਅ ਸਮੇਂ ਤੱਕ ਮੰਗਾਂ ’ਤੇ ਅਮਲ ਨਾ ਹੋਇਆ ਤਾਂ ਯੂਨੀਅਨ ਵੱਲੋਂ ਅਗਲੇ ਸੰਘਰਸ਼ ਜਾਂ ਹੜਤਾਲ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ।
