ਕਿਸਾਨ ਮਹਾਂਪੰਚਾਇਤ ਤੋਂ ਪਹਿਲਾਂ ਜਗਜੀਤ ਡੱਲੇਵਾਲ ਹਾਊਸ ਅਰੈਸਟ
- ਘਰ ਅੰਦਰ ਹੀ ਸ਼ੁਰੂ ਕੀਤੀ ਭੁੱਖ ਹੜਤਾਲ
Jagjit Dallewal house arrest before Mahapanchayat: ਫਰੀਦਕੋਟ: ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਹਾਊਸ ਅਰੈਸਟ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਅੱਜ ਫਰੀਦਕੋਟ ਵਿੱਚ ਹੋਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ ਤੋਂ ਪਹਿਲਾਂ ਕੀਤੀ ਗਈ ਹੈ। ਡੱਲੇਵਾਲ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਘਰ ਅੰਦਰ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ।
ਫਰੀਦਕੋਟ ਵਿੱਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਤੋਂ ਪਹਿਲਾਂ ਡੱਲੇਵਾਲ ਨੂੰ ਹਾਊਸ ਅਰੈਸਟ ਕੀਤੇ ਜਾਣ ਨਾਲ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ ਤਣਾਅ ਵਧਣ ਦੇ ਆਸਾਰ ਹਨ। ਕਿਸਾਨ ਜਥੇਬੰਦੀਆਂ ਵੱਲੋਂ ਇਸ ਕਾਰਵਾਈ ’ਤੇ ਅਗਲਾ ਰੁਖ ਜਲਦ ਸਪੱਸ਼ਟ ਕੀਤਾ ਜਾ ਸਕਦਾ ਹੈ।
