‘ਬਿਗ ਬੌਸ 20’ ਦੀ ਸ਼ੂਟਿੰਗ ਦੌਰਾਨ ਸਲਮਾਨ ਖ਼ਾਨ ਦੀ ਵਿਗੜੀ ਸਿਹਤ
Salman Khan’s health deteriorated during the shooting: ਮੁੰਬਈ: ਰਿਐਲਿਟੀ ਸ਼ੋਅ ‘ਬਿਗ ਬੌਸ 20’ ਦੇ ਹਾਲੀਆ ‘ਵੀਕੈਂਡ ਕਾ ਵਾਰ’ ਐਪੀਸੋਡ ਦੌਰਾਨ ਅਦਾਕਾਰ ਸਲਮਾਨ ਖ਼ਾਨ ਦੀ ਤਬੀਅਤ ਅਚਾਨਕ ਵਿਗੜਨ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਸ਼ੋਅ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਛਾਤੀ ਦੇ ਹੇਠਲੇ ਹਿੱਸੇ ਵਿੱਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਸ਼ੂਟਿੰਗ ਕੁਝ ਸਮੇਂ ਲਈ ਰੋਕ ਦਿੱਤੀ ਗਈ। ਜਾਣਕਾਰੀ ਅਨੁਸਾਰ ਮੌਕੇ ’ਤੇ ਮੌਜੂਦ ਡਾਕਟਰੀ ਟੀਮ ਨੇ ਸਲਮਾਨ ਖ਼ਾਨ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਉਨ੍ਹਾਂ ਦੀ ਹਾਲਤ ਠੀਕ ਰਹੀ ਅਤੇ ਉਹ ਹੁਣ ਸਿਹਤਮੰਦ ਹਨ।
ਇਸ ਐਪੀਸੋਡ ਵਿੱਚ ਸਲਮਾਨ ਖ਼ਾਨ ਨੇ ਬਿਗ ਬੌਸ ਦੇ ਘਰ ਦੇ ਮੁਕਾਬਲੇਬਾਜ਼ਾਂ ਨਾਲ ਉਨ੍ਹਾਂ ਦੇ ਵਿਹਾਰ ਅਤੇ ਸ਼ੋਅ ਦੇ ਨਿਯਮਾਂ ਨੂੰ ਲੈ ਕੇ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਟਰੋਲਿੰਗ ਅਤੇ ਕਲਾਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦਾ ਮੁੱਦਾ ਵੀ ਚੁੱਕਿਆ। ਐਪੀਸੋਡ ਦੌਰਾਨ ਸਲਮਾਨ ਨੇ ਖ਼ਾਸ ਤੌਰ ’ਤੇ ਸਕੌਟ ਵੱਲੋਂ ਸ਼ੋਅ ਨਾਲ ਜੁੜੇ ਮਾਮਲਿਆਂ ਬਾਰੇ ਯੂਟਿਊਬ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸੰਪਰਕ ਕਰਨ ’ਤੇ ਸਵਾਲ ਚੁੱਕੇ। ਇਸ ਦੌਰਾਨ ਸ਼ੋਅ ਦੇ ਅੰਦਰੂਨੀ ਮਾਮਲਿਆਂ ਅਤੇ ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ ਨੂੰ ਲੈ ਕੇ ਵੀ ਗੱਲਬਾਤ ਹੋਈ।
ਸਲਮਾਨ ਦੀ ਤਬੀਅਤ ਵਿਗੜਨ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਚਿੰਤਾ ਦੇਖਣ ਨੂੰ ਮਿਲੀ। ਹਾਲਾਂਕਿ, ਉਪਲਬਧ ਜਾਣਕਾਰੀ ਮੁਤਾਬਕ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
