LPU ਹੰਗਾਮਾ ਮਾਮਲਾ: ਨਵੇਂ ਵੀਡੀਓ ਆਏ ਸਾਹਮਣੇ, ਇੰਫਲੂਐਂਸਰ ‘ਤੇ ਹਿੰਸਾ ਭੜਕਾਉਣ ਦੇ ਦੋਸ਼, ਪੁਲਿਸ ਕਰ ਰਹੀ ਜਾਂਚ
LPU Phagwara Controversy; ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਏ ਹੰਗਾਮੇ ਨੂੰ ਲੈ ਕੇ ਲਗਾਤਾਰ ਨਵੇਂ ਵੀਡੀਓ ਅਤੇ ਸੋਸ਼ਲ ਮੀਡੀਆ ਪੋਸਟ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਵਿਦਿਆਰਥਣ ਰਮਿਆ ਮਿਸ਼ਰਾ ਵੱਲੋਂ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸ ਨੇ ਇੰਫਲੂਐਂਸਰ ਮੁਹੰਮਦ ਫਰਹਤ ‘ਤੇ ਹਿੰਸਾ ਭੜਕਾਉਣ ਦੇ ਦੋਸ਼ ਲਗਾਏ ਹਨ।
ਵਿਦਿਆਰਥਣ ਨੇ ਦਾਅਵਾ ਕੀਤਾ ਕਿ ਫਰਹਤ ਸਭ ਤੋਂ ਪਹਿਲਾਂ DSW ਦਫ਼ਤਰ ਵਿੱਚ ਦਾਖਲ ਹੋਇਆ। ਇਸ ਤੋਂ ਬਾਅਦ ਉਸ ਵੱਲੋਂ ਕਿਸੇ ਵੱਲ ਇਸ਼ਾਰਾ ਕੀਤਾ ਗਿਆ, ਜਿਸ ਮਗਰੋਂ ਕੁਝ ਹੋਰ ਨੌਜਵਾਨ ਅੰਦਰ ਆਏ ਅਤੇ CCTV ਕੈਮਰਿਆਂ ਸਮੇਤ ਸਮਾਨ ਦੀ ਤੋੜਫੋੜ ਕੀਤੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰਹਤ ਨੇ ਆਪਣੇ ਇੰਸਟਾਗ੍ਰਾਮ ਸਟੇਟਸ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਮੌਕੇ ‘ਤੇ ਮੌਜੂਦ ਨਹੀਂ ਸੀ, ਸਗੋਂ ਉਹ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਰਹਤ ਇਸੇ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ।
ਰੇਪ ਦੇ ਦਾਅਵੇ ਵਾਲੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ
ਇਸ ਦੌਰਾਨ ਇੱਕ ਸੋਸ਼ਲ ਮੀਡੀਆ ਪੋਸਟ ਦਾ ਸਕ੍ਰੀਨਸ਼ਾਟ ਵੀ ਸਾਹਮਣੇ ਆਇਆ ਹੈ, ਜਿਸ ਵਿੱਚ LPU ਦੀ ਇੱਕ ਵਿਦਿਆਰਥਣ ਨਾਲ ਰੇਪ ਦਾ ਦਾਅਵਾ ਕੀਤਾ ਗਿਆ ਸੀ। ਇਹ ਪੋਸਟ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ‘ਤੇ ਵਾਇਰਲ ਹੋਈ ਸੀ।
ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗਰਲਜ਼ ਹੋਸਟਲ-3 ਵਿੱਚ ਇੱਕ ਪੁਰਸ਼ ਕਰਮਚਾਰੀ ਵੱਲੋਂ ਵਿਦਿਆਰਥਣ ਨਾਲ ਰੇਪ ਕੀਤਾ ਗਿਆ ਅਤੇ ਸ਼ਿਕਾਇਤ ਕਰਨ ‘ਤੇ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਇਸ ਦਾਅਵੇ ਦੀ ਪੁਲਿਸ ਜਾਂ ਕਿਸੇ ਅਧਿਕਾਰਤ ਏਜੰਸੀ ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਪੋਸਟ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਲਿਆ ਹੈ। ਪੋਸਟ ਕਿਸ ਨੇ ਕੀਤੀ ਅਤੇ ਇਸ ਦੇ ਦਾਅਵਿਆਂ ਦੀ ਸੱਚਾਈ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
22 ਘੰਟਿਆਂ ਤੱਕ ਚੱਲਿਆ ਸੀ ਹੰਗਾਮਾ
LPU ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕਰੀਬ 22 ਘੰਟਿਆਂ ਤੱਕ ਹੰਗਾਮਾ ਚੱਲਿਆ ਸੀ। ਇਸ ਦੌਰਾਨ ਯੂਨੀਵਰਸਿਟੀ ਵਿੱਚ ਤੋੜਫੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਯੂਨੀਵਰਸਿਟੀ ਅੰਦਰ ਬਣੇ ਯੂਨੀਮਾਲ ਵਿੱਚ ਵੀ ਨੁਕਸਾਨ ਹੋਇਆ ਸੀ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਕਈ ਘੰਟਿਆਂ ਤੱਕ ਪ੍ਰਭਾਵਿਤ ਰਿਹਾ।
ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ 7 ਮੈਂਬਰੀ SIT ਬਣਾਈ ਗਈ ਹੈ। ਜਾਂਚ ਵਿੱਚ ਸੋਸ਼ਲ ਮੀਡੀਆ ਪੋਸਟਾਂ, ਵੀਡੀਓ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਜੇ ਤੱਕ ਰੇਪ ਦੇ ਦਾਅਵੇ ਨਾਲ ਜੁੜੀ ਕਿਸੇ ਪੀੜਤ ਵਿਦਿਆਰਥਣ ਜਾਂ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
