ਅੰਮ੍ਰਿਤਸਰ ’ਚ ਦੋ ਬੱਸਾਂ ਨੂੰ ਲੱਗੀ ਭਿਆਨਕ ਅੱਗ: ਘਟਨਾ CCTV ’ਚ ਹੋਈ ਕੈਦ
Fire breaks out in two buses in Amritsar: ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸ਼ਕਤੀ ਬੱਸ ਸਰਵਿਸ ਦੀਆਂ ਦੋ ਬੱਸਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਤ ਕਰੀਬ 11:40 ਵਜੇ ਦੀ ਦੱਸੀ ਜਾ ਰਹੀ ਹੈ। ਬੱਸਾਂ ਰੂਟ ਤੋਂ ਵਾਪਸ ਆਉਣ ਤੋਂ ਬਾਅਦ ਇੱਕ ਥਾਂ ’ਤੇ ਖੜ੍ਹੀਆਂ ਸਨ। ਬੱਸ ਸਰਵਿਸ ਦੇ ਬੁਲਾਰੇ ਮੁਤਾਬਕ, ਕੰਪਨੀ ਦੇ ਕੈਸ਼ੀਅਰ ਬਲਤੇਜ ਸਿੰਘ ਨੇ ਬੱਸਾਂ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਬੰਧਕਾਂ ਨੂੰ ਫੋਨ ਰਾਹੀਂ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਪ੍ਰਬੰਧਕ ਅਤੇ ਟਰਾਂਸਪੋਰਟ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੌਕੇ ’ਤੇ ਪਹੁੰਚੀਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਬੁਲਾਰੇ ਅਨੁਸਾਰ, CCTV ਫੁਟੇਜ ਵਿੱਚ ਮੁੱਢਲੀ ਤੌਰ ’ਤੇ ਇੱਕ ਬੱਸ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ। ਬੱਸ ਦੇ ਅੰਦਰ ਸੀਟਾਂ ਅਤੇ ਫਾਈਬਰ ਦੇ ਹੋਰ ਹਿੱਸਿਆਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਬੁਲਾਰੇ ਨੇ ਦਾਅਵਾ ਕੀਤਾ ਕਿ ਅੱਗ ਲੱਗਣ ਤੋਂ ਬਾਅਦ ਬੱਸ ਕਥਿਤ ਤੌਰ ’ਤੇ ਆਪਣੇ ਆਪ ਅੱਗੇ ਵਧੀ ਅਤੇ ਸਾਹਮਣੇ ਖੜ੍ਹੀ ਦੂਜੀ ਬੱਸ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।
ਬੁਲਾਰੇ ਨੇ ਦੱਸਿਆ ਕਿ ਪਿਛਲੇ ਕਰੀਬ 30 ਸਾਲਾਂ ਤੋਂ ਇਸ ਥਾਂ ’ਤੇ ਬੱਸਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਹਿਲਾਂ ਅਜਿਹੀ ਘਟਨਾ ਨਹੀਂ ਵਾਪਰੀ। ਘਟਨਾ ਦੌਰਾਨ ਸਥਾਨਕ ਲੋਕਾਂ ਅਤੇ ਕਰਮਚਾਰੀਆਂ ਦੀ ਮਦਦ ਨਾਲ ਨੇੜੇ ਖੜ੍ਹੀਆਂ ਦੋ ਹੋਰ ਬੱਸਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਿਆ ਗਿਆ। ਕੰਪਨੀ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ। ਘਟਨਾ ਦੀ ਸਹੀ ਵਜ੍ਹਾ ਅਤੇ ਨੁਕਸਾਨ ਦਾ ਪਤਾ ਜਾਂਚ ਤੋਂ ਬਾਅਦ ਲੱਗਣ ਦੀ ਗੱਲ ਕਹੀ ਗਈ ਹੈ।
