ਸਰਹੱਦ ਪਾਰ ਤੋਂ ਘੁਸਪੈਠ ਦਾ ਮਾਮਲਾ: ਭਾਰਤ ਨੇ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
India summons Pakistan’s Acting High Commissioner: ਨਵੀਂ ਦਿੱਲੀ: ਭਾਰਤ ਨੇ ਸਰਹੱਦ ਪਾਰੋਂ ਲਗਾਤਾਰ ਹੋ ਰਹੀ ਗੈਰਕਾਨੂੰਨੀ ਘੁਸਪੈਠ ਨੂੰ ਲੈ ਕੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ’ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਕਾਰਜਕਾਰੀ ਹਾਈ ਕਮਿਸ਼ਨਰ (Chargé d’Affaires) ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ। ਭਾਰਤ ਨੇ 2 ਅਕਤੂਬਰ 2026 ਨੂੰ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਵਾਪਰੀ ਘਟਨਾ ਸਬੰਧੀ ਪਾਕਿਸਤਾਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਗਲਤ ਕਰਾਰ ਦਿੰਦਿਆਂ ਰੱਦ ਕਰ ਦਿੱਤਾ।
ਭਾਰਤ ਵੱਲੋਂ ਪਾਕਿਸਤਾਨੀ ਪੱਖ ਨੂੰ ਦੱਸਿਆ ਗਿਆ ਕਿ ਤਿੰਨ ਵਿਅਕਤੀ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਸਨ। ਬੀਐੱਸਐੱਫ ਵੱਲੋਂ ਉਨ੍ਹਾਂ ਨੂੰ ਕਈ ਵਾਰ ਵਾਪਸ ਪਾਕਿਸਤਾਨ ਜਾਣ ਦੀ ਚਿਤਾਵਨੀ ਦਿੱਤੀ ਗਈ, ਪਰ ਉਹ ਸਰਹੱਦੀ ਵਾੜ ਵੱਲ ਵਧਦੇ ਰਹੇ। ਸੁਰੱਖਿਆ ਲਈ ਤੁਰੰਤ ਖ਼ਤਰਾ ਪੈਦਾ ਹੋਣ ਕਾਰਨ ਬੀਐੱਸਐੱਫ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਪਈ। ਭਾਰਤ ਨੇ ਕਿਹਾ ਕਿ ਇਹ ਘਟਨਾ ਪਾਕਿਸਤਾਨ ਤੋਂ ਚਲਾਏ ਜਾ ਰਹੇ ਹਥਿਆਰਬੰਦ ਨਸ਼ਾ ਤਸਕਰੀ ਗਿਰੋਹਾਂ ਵੱਲੋਂ ਸਰਹੱਦ ਪਾਰ ਕੀਤੀ ਜਾ ਰਹੀ ਗੈਰਕਾਨੂੰਨੀ ਆਵਾਜਾਈ ਦੇ ਲਗਾਤਾਰ ਪੈਟਰਨ ਨੂੰ ਦਰਸਾਉਂਦੀ ਹੈ।
ਪਾਕਿਸਤਾਨ ਤੋਂ ਜਾਂਚ ਅਤੇ ਠੋਸ ਕਦਮ ਚੁੱਕਣ ਦੀ ਮੰਗ
ਭਾਰਤ ਨੇ ਪਾਕਿਸਤਾਨ ਸਰਕਾਰ ਨੂੰ ਸਰਹੱਦ ਪਾਰ ਘੁਸਪੈਠ ਅਤੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਇਨ੍ਹਾਂ ਗਤੀਵਿਧੀਆਂ ਵਿੱਚ ਪਾਕਿਸਤਾਨੀ ਸਰਹੱਦੀ ਸੁਰੱਖਿਆ ਬਲਾਂ ਦੀ ਕਥਿਤ ਮਿਲੀਭੁਗਤ ਦੀ ਵੀ ਜਾਂਚ ਕਰਨ ਅਤੇ ਲੋੜੀਂਦੇ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਕਿਹਾ ਗਿਆ ਕਿ ਉਹ ਕੌਮਾਂਤਰੀ ਸਰਹੱਦ ਅਤੇ ਇਸ ਦੀ ਮਰਿਆਦਾ ਦਾ ਸਨਮਾਨ ਯਕੀਨੀ ਬਣਾਉਣ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਦੁਵੱਲੇ ਪ੍ਰਬੰਧਾਂ ਦੀ ਸਖ਼ਤੀ ਨਾਲ ਪਾਲਣਾ, ਆਪਣੀ ਸਰਹੱਦ ਤੋਂ ਗੈਰ-ਅਧਿਕਾਰਤ ਆਵਾਜਾਈ ਰੋਕਣ ਲਈ ਸੁਰੱਖਿਆ ਬਲਾਂ ’ਤੇ ਪ੍ਰਭਾਵਸ਼ਾਲੀ ਕੰਟਰੋਲ ਅਤੇ ਅਜਿਹੀਆਂ ਘਟਨਾਵਾਂ ਦੀ ਮੁੜ ਵਾਪਸੀ ਰੋਕਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ।
