ਮੈਡ ਸੰਧੂ ਦੀ ਮੌਤ ਮਗਰੋਂ ਦੋਸਤਾਂ ਦੀ ਗੈਰਹਾਜ਼ਰੀ ’ਤੇ ਉੱਠੇ ਸਵਾਲ, ਵੀਡੀਓ ਬਣਾਉਣ ਵਾਲੇ ਇਨਫਲੂਐਂਸਰਾਂ ’ਤੇ ਭਰਾ ਦਾ ਗੁੱਸਾ….
ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਹੱਤਿਆ ਮਗਰੋਂ ਹੁਣ ਉਸਦੇ ਪਰਿਵਾਰ ਦਾ ਦਰਦ ਸਾਹਮਣੇ ਆਇਆ ਹੈ। ਮੈਡ ਸੰਧੂ ਦੇ ਅੰਤਿਮ ਸੰਸਕਾਰ ’ਚ ਉਸਦੇ ਕਰੀਬੀ ਦੋਸਤਾਂ ਅਤੇ ਉਸਦੇ ਨਾਲ ਵੀਡੀਓ ਬਣਾਉਣ ਵਾਲੇ ਕਈ ਇਨਫਲੂਐਂਸਰਾਂ ਦੇ ਨਾ ਪਹੁੰਚਣ ’ਤੇ ਉਸਦੇ ਭਰਾ ਨੇ ਨਾਰਾਜ਼ਗੀ ਜਤਾਈ ਹੈ।
ਮੈਡ ਸੰਧੂ ਦੇ ਭਰਾ ਹਰਸ਼ਦੀਪ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਖੁਦ ਮੈਡ ਸੰਧੂ ਦੇ ਕਈ ਕਰੀਬੀ ਦੋਸਤਾਂ ਨੂੰ ਫੋਨ ਕਰਕੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਕਿਹਾ ਸੀ। ਇਸ ਦੇ ਬਾਵਜੂਦ ਉਹ ਨਾ ਤਾਂ ਘਰ ਪਹੁੰਚੇ ਅਤੇ ਨਾ ਹੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਏ।
ਭਰਾ ਮੁਤਾਬਕ ਕੁਝ ਲੋਕਾਂ ਨੇ ਫੋਨ ਕਰਕੇ ਅੰਤਿਮ ਸੰਸਕਾਰ ਦਾ ਸਮਾਂ ਜ਼ਰੂਰ ਪੁੱਛਿਆ, ਪਰ ਇਸ ਤੋਂ ਬਾਅਦ ਵੀ ਉਹ ਉੱਥੇ ਨਹੀਂ ਆਏ।
‘ਮਤਲਬ ਲਈ ਨਾਲ ਸਨ, ਮੁਸ਼ਕਲ ਵੇਲੇ ਕੋਈ ਨਹੀਂ ਆਇਆ’
ਹਰਸ਼ਦੀਪ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਡ ਸੰਧੂ ਦੇ ਨਾਲ ਹਮੇਸ਼ਾ ਰਹਿਣ ਵਾਲੇ ਕਈ ਲੋਕ ਸਿਰਫ਼ ਆਪਣੇ ਮਤਲਬ ਲਈ ਉਸਦੇ ਨਾਲ ਸਨ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ’ਤੇ ਮੁਸ਼ਕਲ ਸਮਾਂ ਆਇਆ ਤਾਂ ਮੈਡ ਸੰਧੂ ਦੇ ਨਾਲ ਖੜ੍ਹਨ ਵਾਲਾ ਕੋਈ ਨਹੀਂ ਸੀ।
ਭਰਾ ਨੇ ਕਿਹਾ ਕਿ ਜੋ ਲੋਕ ਮੈਡ ਸੰਧੂ ਨਾਲ ਲਗਾਤਾਰ ਵੀਡੀਓਜ਼ ’ਚ ਨਜ਼ਰ ਆਉਂਦੇ ਸਨ, ਉਨ੍ਹਾਂ ’ਚੋਂ ਵੀ ਕਈ ਲੋਕ ਅੰਤਿਮ ਸੰਸਕਾਰ ’ਚ ਨਹੀਂ ਪਹੁੰਚੇ।
‘ਓਏ ਭੋਲੇ ਓਏ’ ’ਚ ਵੀ ਕੰਮ ਕਰ ਚੁੱਕੇ ਸਨ ਮੈਡ ਸੰਧੂ
ਮੈਡ ਸੰਧੂ ਪੰਜਾਬੀ ਫ਼ਿਲਮ ‘ਓਏ ਭੋਲੇ ਓਏ’ ’ਚ ਵੀ ਕੰਮ ਕਰ ਚੁੱਕੇ ਸਨ। ਇਸ ਫ਼ਿਲਮ ’ਚ ਅਦਾਕਾਰ ਜਗਜੀਤ ਸੰਧੂ ਮੁੱਖ ਭੂਮਿਕਾ ’ਚ ਨਜ਼ਰ ਆਏ ਸਨ।
ਮੈਡ ਸੰਧੂ ਦੀ ਹੱਤਿਆ ਮਗਰੋਂ ਜਗਜੀਤ ਸੰਧੂ ਵੱਲੋਂ ਸੋਸ਼ਲ ਮੀਡੀਆ ’ਤੇ ਹੁਣ ਤੱਕ ਕੋਈ ਸ਼ਰਧਾਂਜਲੀ ਜਾਂ ਅਫ਼ਸੋਸ ਜਤਾਉਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
‘ਮੈਡ ਸੰਧੂ ਬਹੁਤ ਚੰਗਾ ਇਨਸਾਨ ਤੇ ਪਰਿਵਾਰ ਦਾ ਸਹਾਰਾ ਸੀ’
ਮੈਡ ਸੰਧੂ ਦੇ ਭਰਾ ਨੇ ਦੱਸਿਆ ਕਿ ਉਹ ਬਹੁਤ ਚੰਗਾ ਇਨਸਾਨ ਸੀ ਅਤੇ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ ਮੈਡ ਸੰਧੂ ਤੋਂ 5 ਹਜ਼ਾਰ ਰੁਪਏ ਮੰਗਦੇ ਸਨ ਤਾਂ ਉਹ 10 ਹਜ਼ਾਰ ਰੁਪਏ ਦੇ ਦਿੰਦਾ ਸੀ।
ਭਰਾ ਮੁਤਾਬਕ ਮੈਡ ਸੰਧੂ ਹਮੇਸ਼ਾ ਆਪਣੇ ਪਰਿਵਾਰ ਦੀਆਂ ਲੋੜਾਂ ਦਾ ਖ਼ਿਆਲ ਰੱਖਦਾ ਸੀ ਅਤੇ ਪਰਿਵਾਰ ਲਈ ਵੱਡਾ ਸਹਾਰਾ ਸੀ।
ਲੋਹਾਰਕਾ ਰੋਡ ’ਤੇ ਗੋਲੀਆਂ ਮਾਰ ਕੇ ਕੀਤੀ ਗਈ ਸੀ ਹੱਤਿਆ
ਦੱਸ ਦਈਏ ਕਿ ਸ਼ਨੀਵਾਰ ਸ਼ਾਮ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ।
