ਇਜ਼ਰਾਈਲ ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ
Israel announces bravery award for Indian pilot: ਨਵੀਂ ਦਿੱਲੀ: ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਫਲਾਈਦੁਬਈ ਦੀ ਉਡਾਣ 1073 ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਾਕਾਮ ਕਰਨ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਨਾਗਰਿਕ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਮਛਾਰ ਇਸ ਸਮੇਂ ਅਬੂ ਧਾਬੀ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਇਹ ਸਨਮਾਨ ਦਿੱਤਾ ਜਾਵੇਗਾ।
ਦੱਸਿਆ ਗਿਆ ਹੈ ਕਿ 30 ਸਤੰਬਰ 2026 ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਵਿੱਚ ਹਾਈਜੈਕ ਦੀ ਕੋਸ਼ਿਸ਼ ਕੀਤੀ ਗਈ ਸੀ। ਵੀਰਵਾਰ ਨੂੰ ਯੇਰੂਸ਼ਲਮ ਵਿੱਚ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਹਰਜ਼ੋਗ ਨੇ ਇਸ ਘਟਨਾ ਵਿੱਚ ਹਮਲਾਵਰ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਛੇ ਇਜ਼ਰਾਈਲੀ ਨਾਗਰਿਕਾਂ—ਤਾਲੀ ਮਾਨੇਸ, ਜ਼ਵੀਕਾ ਮਾਨੇਸ, ਯਾਨਿਵ ਹਾਯੂਨ, ਡਾ. ਸ਼ੋਤਾ ਮੁਸਾਯੇਵ, ਆਸਾਫ਼ ਰਾਜੁਆਨ ਅਤੇ ਓਰ ਪਾਰਦਿਲੋਵ—ਨੂੰ ਰਾਸ਼ਟਰਪਤੀ ਨਾਗਰਿਕ ਬਹਾਦਰੀ ਮੈਡਲ ਦਿੱਤੇ।
ਇਸੇ ਮੌਕੇ ਉਨ੍ਹਾਂ ਨੇ ਕੈਪਟਨ ਸਮਿਤ ਮਛਾਰ ਨੂੰ ਵੀ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ। ਹਰਜ਼ੋਗ ਨੇ ਕਿਹਾ ਕਿ ਪਾਇਲਟ ਦੀ ਹਿੰਮਤ, ਬਹਾਦਰੀ ਅਤੇ ਪੇਸ਼ੇਵਰ ਰਵੱਈਏ ਨੇ ਇੱਕ ਵੱਡੀ ਤਬਾਹੀ ਨੂੰ ਟਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮਛਾਰ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।
ਕਾਕਪਿਟ ਵਿੱਚ ਹਮਲੇ ਤੋਂ ਬਾਅਦ ਜਹਾਜ਼ ਦਾ ਕੰਟਰੋਲ ਵਿਗੜਿਆ
ਰਿਪੋਰਟ ਮੁਤਾਬਕ, ਜਹਾਜ਼ ਵਿੱਚ ਕਰੀਬ 174 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਇਜ਼ਰਾਈਲੀ ਨਾਗਰਿਕ ਸਨ। ਉਡਾਣ ਦੌਰਾਨ ਕਾਕਪਿਟ ਵਿੱਚ ਅਚਾਨਕ ਹਮਲਾ ਹੋਇਆ। ਦੋਸ਼ ਹੈ ਕਿ ਓਮਾਨੀ ਸਹਿ-ਪਾਇਲਟ ਹਮਾਮ ਅਲ-ਹਮਾਮੀ ਨੇ ਕੈਪਟਨ ਸਮਿਤ ਮਛਾਰ ’ਤੇ ਕਰੈਸ਼ ਐਕਸ ਨਾਲ ਹਮਲਾ ਕਰ ਦਿੱਤਾ। ਉਸ ਦਾ ਮਕਸਦ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਹਾਦਸਾਗ੍ਰਸਤ ਕਰਨਾ ਸੀ।
ਹਮਲੇ ਵਿੱਚ ਕੈਪਟਨ ਮਛਾਰ ਗੰਭੀਰ ਜ਼ਖ਼ਮੀ ਹੋ ਗਏ। ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਛੇ ਇਜ਼ਰਾਈਲੀ ਨਾਗਰਿਕਾਂ ਨੇ ਹਮਲਾਵਰ ਨੂੰ ਕਾਬੂ ਕਰ ਲਿਆ। ਜਹਾਜ਼ ਵਿੱਚ ਮੌਜੂਦ ਹੋਰ ਪਾਇਲਟਾਂ ਦੀ ਮਦਦ ਨਾਲ ਸਥਿਤੀ ਨੂੰ ਸੰਭਾਲਿਆ ਗਿਆ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ।
ਅਬੂ ਧਾਬੀ ਵਿੱਚ ਚੱਲ ਰਿਹਾ ਇਲਾਜ
ਕੈਪਟਨ ਸਮਿਤ ਮਛਾਰ ਇਸ ਸਮੇਂ ਅਬੂ ਧਾਬੀ ਦੇ ਹਸਪਤਾਲ ਵਿੱਚ ਸਿਹਤਯਾਬ ਹੋ ਰਹੇ ਹਨ। ਰਿਪੋਰਟ ਮੁਤਾਬਕ, ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੀ ਪੁਸ਼ਟੀ ਕੀਤੀ ਹੈ। ਘਟਨਾ ਦੀ ਅੱਤਵਾਦੀ ਹਮਲੇ ਦੀ ਕੋਸ਼ਿਸ਼ ਵਜੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਕਈ ਆਗੂਆਂ ਨੇ ਕੈਪਟਨ ਮਛਾਰ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ। ਇਹ ਪੁਰਸਕਾਰ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਜਾਨ ਬਚਾਉਣ ਲਈ ਪਾਇਲਟ ਅਤੇ ਹੋਰ ਲੋਕਾਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਮਾਨਤਾ ਦੇਣ ਵਜੋਂ ਦੇਖਿਆ ਜਾ ਰਿਹਾ ਹੈ।
