ਨਾਨਾ ਪਾਟੇਕਰ ਦੇ ਦੇਹਾਂਤ ਮਾਮਲੇ ’ਚ ਗੋਆ ਪੁਲਿਸ ਨੇ ਕੇਸ ਕੀਤਾ ਦਰਜ, ਜਾਂਚ ਸ਼ੁਰੂ
- ਬੀਐੱਨਐੱਸ ਦੀ ਧਾਰਾ 194 ਤਹਿਤ ਅਸੁਭਾਵਿਕ ਮੌਤ ਦਾ ਮਾਮਲਾ ਦਰਜ
- ਪੁਣੇ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
Goa Police registers case in Nana Patekar’s death: ਪੁਣੇ: ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਦੇ ਮਾਮਲੇ ਵਿੱਚ ਪਣਜੀ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਅਸੁਭਾਵਿਕ ਮੌਤ (UD) ਦਾ ਕੇਸ ਦਰਜ ਕੀਤਾ ਹੈ। ਪੁਲਿਸ ਰਿਕਾਰਡ ਮੁਤਾਬਕ, 75 ਸਾਲਾ ਅਦਾਕਾਰ ਨੂੰ ਗੋਆ ਦੇ ਡੋਨਾ ਪੌਲਾ ਸਥਿਤ ਓਸ਼ਨ ਪਾਰਕ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਮਣੀਪਾਲ ਹਸਪਤਾਲ, ਬੰਬੋਲੀਮ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਅਗਲੇਰੀ ਜਾਂਚ ਪੁਲਿਸ ਸਬ-ਇੰਸਪੈਕਟਰ ਨਿਤਿਨ ਨਾਇਕ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।
ਪੁਣੇ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੁਣੇ ਦੇ ਡੋਂਜੇ ਸਥਿਤ ਉਨ੍ਹਾਂ ਦੇ ਫਾਰਮਹਾਊਸ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਨਾਨਾ ਪਾਟੇਕਰ ਆਪਣੀ ਦਮਦਾਰ ਅਦਾਕਾਰੀ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਕੰਮ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਵੱਖਰੀ ਪਛਾਣ ਬਣਾਈ।
ਪੁੱਤਰ ਮਲਹਾਰ ਨੇ ਕਿਹਾ—ਨਾਨਾ ਸਾਹਿਬ ਕਦੇ ਸਾਡੇ ਤੋਂ ਦੂਰ ਨਹੀਂ ਹੋ ਸਕਦੇ
ਅੰਤਿਮ ਸੰਸਕਾਰ ਤੋਂ ਬਾਅਦ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਨਾ ਸਾਹਿਬ ਵਰਗੇ ਲੋਕ ਆਪਣੇ ਕੰਮ ਅਤੇ ਪ੍ਰਾਪਤੀਆਂ ਸਦਕਾ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਾਨਾ ਸਾਹਿਬ ਦੀ ਸੋਚ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਪਰਿਵਾਰ ਨੂੰ ਅੱਗੇ ਵੀ ਰਾਹ ਦਿਖਾਉਂਦੀਆਂ ਰਹਿਣਗੀਆਂ। ਉਨ੍ਹਾਂ ਦੀ ਇੱਛਾ ਸੀ ਕਿ ਲੋਕ ਇਕੱਠੇ ਹੋ ਕੇ ਸਹੀ ਰਸਤੇ ’ਤੇ ਚੱਲਣ।
ਸ਼ਾਹਰੁਖ ਖ਼ਾਨ ਨੇ ਸਾਂਝੀ ਕੀਤੀ ਪੁਰਾਣੀ ਤਸਵੀਰ
ਨਾਨਾ ਪਾਟੇਕਰ ਦੇ ਦੇਹਾਂਤ ’ਤੇ ਅਦਾਕਾਰ ਸ਼ਾਹਰੁਖ ਖ਼ਾਨ ਨੇ ਵੀ ਭਾਵੁਕ ਸ਼ਬਦਾਂ ਵਿੱਚ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਨਾਨਾ ਨਾਲ ਆਪਣੀ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਆਪਣਾ ਗੁਰੂ, ਅਧਿਆਪਕ, ਆਲੋਚਕ ਅਤੇ ਦੋਸਤ ਦੱਸਿਆ। ਸ਼ਾਹਰੁਖ ਨੇ ਪਹਿਲੀ ਮੁਲਾਕਾਤ ਦਾ ਕਿੱਸਾ ਯਾਦ ਕਰਦਿਆਂ ਦੱਸਿਆ ਕਿ ਨਾਨਾ ਦੇ ਸਾਹਮਣੇ ਉਹ ਕਾਫ਼ੀ ਪ੍ਰਭਾਵਿਤ ਅਤੇ ਅਸਹਿਜ ਹੋ ਗਏ ਸਨ ਤੇ ਆਪਣੇ ਵਾਲਾਂ ਨਾਲ ਖੇਡਣ ਲੱਗ ਪਏ ਸਨ। ਇਸ ’ਤੇ ਨਾਨਾ ਨੇ ਉਨ੍ਹਾਂ ਦਾ ਹੱਥ ਹਟਾਉਂਦਿਆਂ ਕਿਹਾ ਸੀ, “ਹੀਰੋ ਵਾਂਗ ਵਾਲ ਨਾ ਬਣਾ… ਤੂੰ ਅਦਾਕਾਰ ਹੈਂ।” ਸ਼ਾਹਰੁਖ ਮੁਤਾਬਕ, ਨਾਨਾ ਕਿਸੇ ਦੀ ਬੇਵਜ੍ਹਾ ਤਾਰੀਫ਼ ਨਹੀਂ ਕਰਦੇ ਸਨ ਅਤੇ ਨਾ ਹੀ ਉਹ ਗੱਲ ਕਹਿੰਦੇ ਸਨ ਜੋ ਸਾਹਮਣੇ ਵਾਲਾ ਸੁਣਨਾ ਚਾਹੁੰਦਾ ਹੋਵੇ। ਉਹ ਹਮੇਸ਼ਾ ਸਾਫ਼ ਅਤੇ ਸਿੱਧੀ ਗੱਲ ਕਰਦੇ ਸਨ।
‘ਪਹਿਲਾਂ ਝਿੜਕਦੇ ਸਨ, ਫਿਰ ਪਿਆਰ ਜਤਾ ਦਿੰਦੇ ਸਨ’
ਸ਼ਾਹਰੁਖ ਨੇ ਲਿਖਿਆ ਕਿ ਨਾਨਾ ਦਾ ਸੁਭਾਅ ਬੇਬਾਕ ਅਤੇ ਕੁਝ ਸਖ਼ਤ ਸੀ, ਪਰ ਉਨ੍ਹਾਂ ਦੀ ਮੁਸਕਰਾਹਟ ਬੇਹੱਦ ਖ਼ੂਬਸੂਰਤ ਸੀ। ਪਿਆਰ ਜਤਾਉਣ ਦਾ ਉਨ੍ਹਾਂ ਦਾ ਤਰੀਕਾ ਵੀ ਵੱਖਰਾ ਸੀ। ਉਹ ਪਹਿਲਾਂ ਝਿੜਕਦੇ ਸਨ, ਪਰ ਕੁਝ ਸਮੇਂ ਬਾਅਦ ਅਹਿਸਾਸ ਹੁੰਦਾ ਸੀ ਕਿ ਉਨ੍ਹਾਂ ਦੇ ਇਸ ਅੰਦਾਜ਼ ਵਿੱਚ ਵੀ ਪਿਆਰ ਲੁਕਿਆ ਹੋਇਆ ਹੈ। ਸ਼ਾਹਰੁਖ ਨੇ ਇਹ ਵੀ ਦੱਸਿਆ ਕਿ ਨਾਨਾ ਕੈਰਮ ਖੇਡਣ ਵਿੱਚ ਮਾਹਰ ਸਨ ਅਤੇ ਉਹ ਵਾਰ-ਵਾਰ ਉਨ੍ਹਾਂ ਨੂੰ ਤੇ ਹੋਰਨਾਂ ਨੂੰ ਹਰਾ ਕੇ ਆਪਣੀ ਜਿੱਤ ਦਾ ਆਨੰਦ ਲੈਂਦੇ ਸਨ।
