ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਹੋਏ ਬੰਦ, ਇਸ ਸਾਲ ਕਰੀਬ 4 ਲੱਖ ਸ਼ਰਧਾਲੂਆਂ ਨੇ ਟੇਕਿਆ ਮੱਥਾ
Hemkund Sahib Yatra Closing; ਉੱਤਰਾਖੰਡ ਦੇ ਚਮੋਲੀ ਵਿੱਚ ਸਮੁੰਦਰ ਤਲ ਤੋਂ ਕਰੀਬ 15,200 ਫੁੱਟ ਦੀ ਉਚਾਈ ‘ਤੇ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਇਸ ਸਾਲ ਇੱਥੇ ਰਿਕਾਰਡ 3 ਲੱਖ 84 ਹਜ਼ਾਰ 573 ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਕਪਾਟ ਬੰਦ ਹੋਣ ਸਮੇਂ ਕਰੀਬ 4 ਹਜ਼ਾਰ ਸ਼ਰਧਾਲੂ ਮੌਜੂਦ ਸਨ। ਇਨ੍ਹਾਂ ਵਿੱਚ ਪਾਕਿਸਤਾਨ ਤੋਂ ਆਇਆ 40 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਸ਼ਾਮਲ ਸੀ।
ਸ਼ੁੱਕਰਵਾਰ ਨੂੰ ਹੋਈ ਬਰਫ਼ਬਾਰੀ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਬਰਫ਼ ਦੀ ਚਿੱਟੀ ਚਾਦਰ ਨਾਲ ਢਕ ਗਿਆ। ਬਰਫ਼ ਨਾਲ ਭਰੇ ਰਸਤਿਆਂ ਵਿੱਚੋਂ ਲੰਘਦਿਆਂ ਸ਼ਰਧਾਲੂਆਂ ਨੇ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਈ। ਦੁਪਹਿਰ 12:30 ਵਜੇ ਅੰਤਿਮ ਅਰਦਾਸ ਕੀਤੀ ਗਈ ਅਤੇ 1 ਵਜੇ ਹੁਕਮਨਾਮਾ ਲਿਆ ਗਿਆ।
ਫ਼ੌਜੀ ਬੈਂਡ ਦੀਆਂ ਧੁਨਾਂ ਵਿਚਕਾਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਦਰਬਾਰ ਸਾਹਿਬ ਤੋਂ ਸੱਚਖੰਡ ਵਿੱਚ ਸੁਸ਼ੋਭਿਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਸਾਲ ਦੀ ਯਾਤਰਾ ਦੀ ਸਮਾਪਤੀ ਹੋ ਗਈ।
ਉੱਧਰ, ਲਕਸ਼ਮਣ ਮੰਦਰ ਦੇ ਕਪਾਟ ਐਤਵਾਰ ਨੂੰ ਬੰਦ ਕੀਤੇ ਜਾਣਗੇ। ਮੰਦਰ ਦੇ ਪੁਜਾਰੀ ਮਨੀਸ਼ ਪਾਂਡੇ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
