ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਤੱਕ ਹਰ ਰੋਜ਼ ਜੰਤਰ-ਮੰਤਰ ਵੱਲ ਕਰਾਂਗੇ ਮਾਰਚ: CJP
- ਦਿੱਲੀ ਪੁਲਿਸ ਦੀ ਕਾਰਵਾਈ ਖ਼ਿਲਾਫ਼ ਪ੍ਰੈੱਸ ਕਾਨਫਰੰਸ
- ਐਤਵਾਰ ਤੋਂ ਦੇਸ਼ ਭਰ ਵਿੱਚ ਵਿਦਿਆਰਥੀ ਅੰਦੋਲਨ ਫੈਲਾਉਣ ਦਾ ਐਲਾਨ
CJP to march every day at Jantar Mantar: ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕਾਰਵਾਈ ਅਤੇ ਦਿਨ ਭਰ ਹੋਈਆਂ ਹਿਰਾਸਤਾਂ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ (CJP) ਅਤੇ ਐੱਸਐੱਫ਼ਆਈ (SFI) ਸਮੇਤ ਕਈ ਵਿਦਿਆਰਥੀ ਸੰਗਠਨਾਂ ਨੇ ਐੱਚਕੇਐੱਸ ਸੁਰਜੀਤ ਭਵਨ ਵਿਖੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।
CJP ਆਗੂ ਅਜਿੰਕਿਆ ਸ਼ਿੰਦੇ ਨੇ ਐਲਾਨ ਕੀਤਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਏ ਜਾਣ ਤੱਕ ਹਰ ਰੋਜ਼ ਜੰਤਰ-ਮੰਤਰ ਵੱਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਨੇ ਅਭਿਜੀਤ ਦੀਪਕੇ ਅਤੇ ਹੋਰਨਾਂ ਨਾਲ ਦਿੱਲੀ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਵਿਵਹਾਰ ਦੀ ਵੀ ਆਲੋਚਨਾ ਕੀਤੀ।
ਐੱਸਐੱਫ਼ਆਈ ਦੇ ਜਨਰਲ ਸਕੱਤਰ ਸ੍ਰਿਜਨ ਭੱਟਾਚਾਰੀਆ ਨੇ ਸਰਕਾਰ ਖ਼ਿਲਾਫ਼ ਵਿਆਪਕ ਏਕਤਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐਤਵਾਰ ਤੋਂ ਵਿਦਿਆਰਥੀ ਅੰਦੋਲਨ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲਾਇਆ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦਿਆਰਥੀ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨਗੇ। ਜਿੱਥੇ ਵੀ ਪੁਲਿਸ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕੇਗੀ, ਉਹੀ ਥਾਂ ਉਨ੍ਹਾਂ ਲਈ ਜੰਤਰ-ਮੰਤਰ ਬਣ ਜਾਵੇਗੀ।
ਪ੍ਰੈੱਸ ਕਾਨਫਰੰਸ ਵਿੱਚ ਕਈ ਹੋਰ ਵਿਦਿਆਰਥੀ ਅਤੇ ਨੌਜਵਾਨ ਆਗੂ ਵੀ ਸ਼ਾਮਲ ਹੋਏ। ਅਦਾਕਾਰ ਸੁਧਨਵਾ ਦੇਸ਼ਪਾਂਡੇ, ਇਤਿਹਾਸਕਾਰ ਸੁਹੇਲ ਹਾਸ਼ਮੀ ਅਤੇ ਪ੍ਰੋਫੈਸਰ ਨੰਦਿਤਾ ਨਾਰਾਇਣ ਸਮੇਤ ਕਈ ਬੁੱਧੀਜੀਵੀਆਂ ਨੇ ਵੀ ਵਿਦਿਆਰਥੀ ਅੰਦੋਲਨ ਨੂੰ ਸਮਰਥਨ ਦਿੱਤਾ।
