ਪੰਜਾਬ ‘ਚ ਮੌਸਮ ਨੇ ਅਚਾਨਕ ਬਦਲਿਆ ਮਿਜ਼ਾਜ, ਤੇਜ਼ ਹਨੇਰੀ ਨਾਲ ਮੀਂਹ, ਮੰਡੀਆਂ ‘ਚ ਰੁਲਿਆ ਕਿਸਾਨ
Punjab Weather News: ਪੰਜਾਬ ਵਿੱਚ ਐਤਵਾਰ ਸਵੇਰੇ ਅਚਾਨਕ ਮੌਸਮ ਬਦਲ ਗਿਆ। ਜਲੰਧਰ ਵਿੱਚ ਸਵੇਰੇ 10 ਵਜੇ ਹੀ ਹਨੇਰਾ ਛਾ ਗਿਆ ਅਤੇ ਤੇਜ਼ ਹਨੇਰੀ ਦੇ ਨਾਲ ਮੀਂਹ ਪਿਆ। ਲੁਧਿਆਣਾ ਅਤੇ ਫਰੀਦਕੋਟ ਵਿੱਚ ਵੀ ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪਿਆ।
ਇਸ ਤੋਂ ਇਲਾਵਾ ਫਾਜ਼ਿਲਕਾ, ਤਰਨਤਾਰਨ ਦੇ ਪੱਟੀ ਇਲਾਕੇ ਅਤੇ ਪਠਾਨਕੋਟ ਵਿੱਚ ਵੀ ਮੀਂਹ ਦਰਜ ਕੀਤਾ ਗਿਆ। ਅਬੋਹਰ ਵਿੱਚ ਸੜਕ ਧਸਣ ਕਾਰਨ ਇੱਕ ਕਾਰ ਫਸ ਗਈ, ਜਦਕਿ ਫਾਜ਼ਿਲਕਾ ਅਤੇ ਫਰੀਦਕੋਟ ਦੀਆਂ ਅਨਾਜ ਮੰਡੀਆਂ ਵਿੱਚ ਝੋਨਾ ਭਿੱਜ ਗਿਆ।
ਮੰਡੀ ‘ਚ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਠੱਪ, 10 ਦਿਨਾਂ ਤੋਂ ਕਿਸਾਨ ਪਰੇਸ਼ਾਨ
ਡੇਰਾ ਬਾਬਾ ਨਾਨਕ ਹਲਕੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਜਾਜਨ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਮੰਡੀ ਵਿੱਚ ਪਿਛਲੇ 10 ਦਿਨਾਂ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਅਤੇ ਫ਼ਸਲ ਦੀ ਲਿਫਟਿੰਗ ਦਾ ਕੰਮ ਲਗਭਗ ਠੱਪ ਪਿਆ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਮੰਡੀ ਵਿੱਚ ਝੋਨਾ ਭਰਨ ਲਈ ਨਾ ਤਾਂ ਬਾਰਦਾਨਾ ਪਹੁੰਚ ਰਿਹਾ ਹੈ ਅਤੇ ਨਾ ਹੀ ਪਹਿਲਾਂ ਤੋਲੀਆਂ ਜਾ ਚੁੱਕੀਆਂ ਬੋਰੀਆਂ ਦੀ ਲਿਫਟਿੰਗ ਹੋ ਰਹੀ ਹੈ। ਲਿਫਟਿੰਗ ਨਾ ਹੋਣ ਕਾਰਨ ਪੂਰੀ ਮੰਡੀ ਝੋਨੇ ਦੀਆਂ ਬੋਰੀਆਂ ਅਤੇ ਢੇਰਾਂ ਨਾਲ ਭਰ ਗਈ ਹੈ। ਇਸ ਕਾਰਨ ਨਵੇਂ ਕਿਸਾਨਾਂ ਨੂੰ ਆਪਣੀ ਫ਼ਸਲ ਉਤਾਰਨ ਲਈ ਵੀ ਜਗ੍ਹਾ ਨਹੀਂ ਮਿਲ ਰਹੀ।
ਕਿਸਾਨਾਂ ਤੇ ਮਜ਼ਦੂਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਲਾਈ ਗੁਹਾਰ
ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਬੈਠੇ ਕਿਸਾਨ ਗੁਰਮੀਤ ਸਿੰਘ ਪੜਾ ਅਤੇ ਤਰਸੇਮ ਮਸੀਹ ਨੇ ਸਰਕਾਰੀ ਪ੍ਰਬੰਧਾਂ ਖ਼ਿਲਾਫ਼ ਗਹਿਰਾ ਰੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਜ਼ਮੀਨੀ ਪੱਧਰ ’ਤੇ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਤਿੰਨੇ ਵਰਗ ਹੀ ਪਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ ਖ਼ੁਸ਼ਹਾਲੀ ਨਾਲ ਹੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਕੰਮ ਜੁੜਿਆ ਹੋਇਆ ਹੈ, ਪਰ ਮੰਡੀ ਦੇ ਮਾੜੇ ਪ੍ਰਬੰਧਾਂ ਕਾਰਨ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਅਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸ਼ਾਹਪੁਰ ਜਾਜਨ ਦਾਣਾ ਮੰਡੀ ਵਿੱਚ ਤੁਰੰਤ ਬਾਰਦਾਨੇ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਝੋਨੇ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਮੰਡੀ ਦੇ ਪ੍ਰਬੰਧ ਸੁਚਾਰੂ ਹੋ ਸਕਣ ਅਤੇ ਕਿਸਾਨ ਆਪਣੀ ਫ਼ਸਲ ਵੇਚ ਕੇ ਸਮੇਂ ਸਿਰ ਘਰ ਪਰਤ ਸਕਣ।
ਖ਼ਰਾਬ ਮੌਸਮ ਕਾਰਨ 3 ਉਡਾਣਾਂ ਦਿੱਲੀ ਡਾਇਵਰਟ
ਅੰਮ੍ਰਿਤਸਰ ਵਿੱਚ ਖ਼ਰਾਬ ਮੌਸਮ ਕਾਰਨ ਤਿੰਨ ਉਡਾਣਾਂ ਨੂੰ ਦਿੱਲੀ ਵੱਲ ਡਾਇਵਰਟ ਕਰਨਾ ਪਿਆ। ਇਨ੍ਹਾਂ ਵਿੱਚ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ ਅਤੇ ਇੰਡੀਗੋ ਦੀਆਂ ਦੋ ਉਡਾਣਾਂ ਸ਼ਾਮਲ ਹਨ। ਇਹ ਉਡਾਣਾਂ ਦੁਬਈ, ਸ੍ਰੀਨਗਰ ਅਤੇ ਬੈਂਗਲੁਰੂ ਤੋਂ ਅੰਮ੍ਰਿਤਸਰ ਆ ਰਹੀਆਂ ਸਨ, ਪਰ ਮੌਸਮ ਖ਼ਰਾਬ ਹੋਣ ਕਾਰਨ ਇਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਗਿਆ।
ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਅਲਰਟ ਵਾਲੇ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਰੂਪਨਗਰ, ਮੋਹਾਲੀ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ।
ਵੱਧ ਤੋਂ ਵੱਧ ਤਾਪਮਾਨ 1.6 ਡਿਗਰੀ ਡਿੱਗਿਆ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ, ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਹੁਣ ਆਮ ਨਾਲੋਂ 2.1 ਡਿਗਰੀ ਹੇਠਾਂ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 33.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ, ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਉੱਪਰ ਹਵਾ ਵਿੱਚ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਉੱਪਰ ਪੱਛਮੀ ਗੜਬੜੀ ਸਰਗਰਮ ਹੈ। ਇਨ੍ਹਾਂ ਮੌਸਮੀ ਹਾਲਾਤ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
