ਤਰਨਤਾਰਨ ASI ਕਤਲ ਮਾਮਲੇ ‘ਚ ਵੱਡੀ ਅਪਡੇਟ, ਗੈਂਗਸਟਰ ਡੋਨੀ ਬਲ ਨੇ ਲਈ ਕਤਲ ਦੀ ਜ਼ਿੰਮੇਵਾਰੀ
ASI Iqbal Singh Murder; ਤਰਨਤਾਰਨ ਵਿੱਚ ਐਤਵਾਰ ਦੇਰ ਸ਼ਾਮ ਇੱਕ ASI ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ ’ਤੇ ਆਪਣੇ ਘਰ ਪਰਤ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਮ੍ਰਿਤਕ ਦੀ ਪਛਾਣ 55 ਸਾਲਾ ASI ਇਕਬਾਲ ਸਿੰਘ ਵਜੋਂ ਹੋਈ ਹੈ। ਉਹ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦੇ ਰਹਿਣ ਵਾਲੇ ਸਨ ਅਤੇ ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਵਿਭਾਗ ਵਿੱਚ ਤਾਇਨਾਤ ਸਨ। ਮੌਕੇ ’ਤੇ ਪਹੁੰਚੇ ਤਰਨਤਾਰਨ ਦੇ SSP ਸੁਰਿੰਦਰ ਕੁਮਾਰ ਲਾਂਬਾ ਨੇ ਕਿਹਾ ਕਿ ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਫ਼ਰਾਰ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਭਤੀਜੇ ਦੇ ਕਤਲ ਨਾਲ ਜੋੜ ਕੇ ਦੇਖੀ ਜਾ ਰਹੀ ਵਾਰਦਾਤ
ਇਸ ਕਤਲ ਨੂੰ 11 ਸਤੰਬਰ ਨੂੰ ਹੋਏ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਸ ਦਿਨ ਇਕਬਾਲ ਸਿੰਘ ਦੇ ਭਤੀਜੇ ਅਜਮੀਤ ਸਿੰਘ ਦੀ ਵੀ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਦੌਰਾਨ ਗੈਂਗਸਟਰ ਡੋਨੀ ਬਲ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਸਾਹਮਣੇ ਆਇਆ ਹੈ। ਗੋਪੀ ਘਨਸ਼ਿਆਮ ਦੇ ਨਾਂ ਵਾਲੀ ਸੋਸ਼ਲ ਮੀਡੀਆ ਆਈਡੀ ਤੋਂ ਕਤਲ ਦੀ ਜ਼ਿੰਮੇਵਾਰੀ ਲੈਣ ਸਬੰਧੀ ਪੋਸਟ ਪਾਈ ਗਈ ਹੈ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।
ਡਿਊਟੀ ਤੋਂ ਘਰ ਪਰਤਦੇ ਸਮੇਂ ਕੀਤਾ ਹਮਲਾ
ਜਾਣਕਾਰੀ ਅਨੁਸਾਰ, ASI ਇਕਬਾਲ ਸਿੰਘ ਫਿਰੋਜ਼ਪੁਰ ਵਿੱਚ ਡਿਊਟੀ ਪੂਰੀ ਕਰਨ ਤੋਂ ਬਾਅਦ ਐਤਵਾਰ ਸ਼ਾਮ ਕਰੀਬ 7:30 ਵਜੇ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਨੌਸ਼ਹਿਰਾ ਤੋਂ ਲੋਹਕਾ ਰੋਡ ’ਤੇ ਸਥਿਤ ਪਟਵਾਰਖਾਨੇ ਨੇੜੇ ਪਹੁੰਚੇ ਤਾਂ ਮੋਟਰਸਾਈਕਲ ’ਤੇ ਆਏ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀਆਂ ਲੱਗਣ ਕਾਰਨ ASI ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਏ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਪੁਲਿਸ ਬਲ ਸਮੇਤ ਮੌਕੇ ’ਤੇ ਪਹੁੰਚੇ। ਪੱਟੀ ਦੇ DSP ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਫਿਲਹਾਲ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ ਅਤੇ ਰਸਤਿਆਂ ’ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। SSP ਮੁਤਾਬਕ, ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ।
