50 ਦਿਨਾਂ ਬਾਅਦ ਖ਼ਤਮ ਹੋਇਆ ਬਜ਼ੁਰਗਾਂ ਦਾ ਧਰਨਾ, ਅੱਜ ਟਾਵਰ ਤੋਂ ਉਤਰਨਗੇ
Elderly protesters’ sit ends after 50 days: ਪਠਾਨਕੋਟ: ਡੀਸੀ ਰਿਹਾਇਸ਼ ਦੇ ਸਾਹਮਣੇ ਕਰੀਬ 200 ਫੁੱਟ ਉੱਚੇ ਬਿਜਲੀ ਟਾਵਰ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 50 ਦਿਨਾਂ ਤੋਂ ਡਟੇ 82 ਸਾਲਾ ਕੁਲਵਿੰਦਰ ਸਿੰਘ ਅਤੇ 85 ਸਾਲਾ ਸ਼ਰਮ ਸਿੰਘ ਦਾ ਧਰਨਾ ਸੋਮਵਾਰ ਦੇਰ ਸ਼ਾਮ ਖ਼ਤਮ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨਾਲ ਕਈ ਦੌਰ ਦੀ ਗੱਲਬਾਤ ਸਫ਼ਲ ਰਹਿਣ ਮਗਰੋਂ ਦੋਵਾਂ ਬਜ਼ੁਰਗਾਂ ਨੇ ਟਾਵਰ ਤੋਂ ਹੇਠਾਂ ਉਤਰਨ ਲਈ ਸਹਿਮਤੀ ਦੇ ਦਿੱਤੀ। ਡੀਸੀ ਪੱਲਵੀ, ਏਡੀਸੀ ਅਰਸ਼ਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਬਜ਼ੁਰਗਾਂ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਵਿਸ਼ੇਸ਼ ਤੌਰ ’ਤੇ ਹਾਈਡ੍ਰੌਲਿਕ ਕਰੇਨ ਮੰਗਵਾਈ।
ਹਾਲਾਂਕਿ, ਬਜ਼ੁਰਗਾਂ ਨੇ ਸੋਮਵਾਰ ਰਾਤ ਨੂੰ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮੰਗਲਵਾਰ ਸਵੇਰੇ 8 ਵਜੇ ਟਾਵਰ ਤੋਂ ਹੇਠਾਂ ਉਤਰਨਗੇ। ਬਜ਼ੁਰਗਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਿਰਫ਼ ਦੋ ਫੁੱਟ ਦੇ ਪਲੇਟਫਾਰਮ ’ਤੇ ਬੈਠਣ ਕਾਰਨ ਉਨ੍ਹਾਂ ਦੇ ਗੋਡੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ। ਇਸ ਤੋਂ ਇਲਾਵਾ, ਰਾਤ ਸਮੇਂ ਘੱਟ ਦਿਖਾਈ ਦੇਣ ਕਾਰਨ ਕਰੇਨ ਰਾਹੀਂ ਹੇਠਾਂ ਉਤਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਲਈ ਉਨ੍ਹਾਂ ਨੇ ਸਵੇਰੇ ਉਤਰਨ ਦਾ ਫ਼ੈਸਲਾ ਕੀਤਾ ਗਿਆ।
