ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !
Pamvinder Jhota Murder Case: Chemist’s wife named in case: ਮਾਨਸਾ: ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਸਰਗਰਮ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਕੈਮਿਸਟ ਦੁਕਾਨਦਾਰ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਲਾਡੀ ਬਰਨਾਲਾ ਅਤੇ ਵਿਪਨ ਗਰਗ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ, ਵਾਰਦਾਤ ਸਮੇਂ ਅਸ਼ਵਨੀ ਕੁਮਾਰ ਵੱਲੋਂ ਪਰਮਿੰਦਰ ਸਿੰਘ ਝੋਟਾ ’ਤੇ ਗੋਲੀ ਚਲਾਉਣ ਤੋਂ ਪਹਿਲਾਂ ਮੋਬਾਈਲ ਫ਼ੋਨ ’ਤੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲਬਾਤ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨੇ ਝੋਟਾ ’ਤੇ ਗੋਲੀਆਂ ਚਲਾਈਆਂ। ਇਹ ਵੀ ਦੋਸ਼ ਹਨ ਕਿ ਬਾਅਦ ਵਿੱਚ ਬਾਜ਼ਾਰ ਵਿੱਚ ਭੱਜ ਰਹੇ ਝੋਟਾ ਅਤੇ ਉਸ ਦੇ ਸਾਥੀਆਂ ’ਤੇ ਵੀ ਗੋਲੀਆਂ ਚਲਾਈਆਂ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਮੌਕੇ ’ਤੇ ਮੌਜੂਦ ਕਈ ਲੋਕਾਂ ਨੇ ਦੁਕਾਨਦਾਰ ਨੂੰ ਨਾਂ ਲੈ ਕੇ ਆਵਾਜ਼ਾਂ ਮਾਰਦਿਆਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕਿਆ।
ਇਸ ਮਾਮਲੇ ਵਿੱਚ ਡੀਆਈਜੀ ਹਰਜੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤ ਸਮੇਂ ਮੁਲਜ਼ਮ ਨੇ ਮੋਬਾਈਲ ਫ਼ੋਨ ’ਤੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲਬਾਤ ਕੀਤੀ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
