ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ
BMC’s bulldozer on Bollywood actor Ajay Devgn’s bungalow: ਮੁੰਬਈ: ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਮੁੰਬਈ ਦੇ ਜੁਹੂ ਸਥਿਤ ਬੰਗਲੇ ਵਿੱਚ ਕਥਿਤ ਤੌਰ ’ਤੇ ਬਿਨਾਂ ਮਨਜ਼ੂਰੀ ਕੀਤੇ ਗਏ ਨਿਰਮਾਣ ’ਤੇ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਕਾਰਵਾਈ ਕੀਤੀ ਹੈ। ਨਗਰ ਨਿਗਮ ਦੀ ਟੀਮ ਨੇ ਬੰਗਲੇ ਦੇ ਅੰਦਰੂਨੀ ਹਿੱਸੇ ਵਿੱਚ ਕੀਤੀਆਂ ਗਈਆਂ ਗ਼ੈਰ-ਮਨਜ਼ੂਰ ਤਬਦੀਲੀਆਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ।
ਇਹ ਬੰਗਲਾ ਕਪੋਲ ਕੋ-ਆਪਰੇਟਿਵ ਹਾਊਸਿੰਗ ਸੋਸਾਇਟੀ ਵਿੱਚ ਸਥਿਤ ਹੈ ਅਤੇ ਇਸ ਦਾ ਖੇਤਰਫਲ 7,802 ਵਰਗ ਫੁੱਟ ਦੱਸਿਆ ਗਿਆ ਹੈ। BMC ਮੁਤਾਬਕ, ਲੋੜੀਂਦੀ ਮਨਜ਼ੂਰੀ ਤੋਂ ਬਿਨਾਂ ਸਿਪੋਰੇਕਸ ਬਲਾਕਾਂ ਦੀ ਵਰਤੋਂ ਕਰਕੇ ਕੰਧਾਂ, ਖਿੜਕੀਆਂ ਅਤੇ ਹੋਰ ਢਾਂਚਾਗਤ ਹਿੱਸਿਆਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਸਨ।
ਨਗਰ ਨਿਗਮ ਦੇ ਬਿਲਡਿੰਗ ਪ੍ਰਪੋਜ਼ਲ ਵਿਭਾਗ ਨੇ 10 ਸਤੰਬਰ 2026 ਨੂੰ ਮੁੰਬਈ ਮਹਾਨਗਰਪਾਲਿਕਾ ਐਕਟ, 1888 ਦੀ ਧਾਰਾ 354ਏ ਤਹਿਤ ਕੰਮ ਰੋਕਣ ਦਾ ਨੋਟਿਸ ਜਾਰੀ ਕੀਤਾ ਸੀ। ਰਿਪੋਰਟ ਅਨੁਸਾਰ, ਦੇਵਗਨ ਪਰਿਵਾਰ ਵੱਲੋਂ ਜਵਾਬ ਦੇਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਸੀ, ਪਰ ਨਿਰਧਾਰਤ ਸਮੇਂ ਵਿੱਚ ਕੋਈ ਜਵਾਬ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ। ਇਸ ਤੋਂ ਬਾਅਦ ਨਗਰ ਨਿਗਮ ਨੇ ਕਾਰਵਾਈ ਕੀਤੀ।
ਬੰਗਲੇ ਨੂੰ ਸੈਲੂਨ ਅਤੇ ਸਪਾ ਲਈ ਦੇਣ ’ਤੇ ਵਿਵਾਦ
ਇਸ ਮਾਮਲੇ ਦਾ ਵਿਵਾਦ ਬੰਗਲੇ ਦੀ ਵਪਾਰਕ ਵਰਤੋਂ ਦੀ ਯੋਜਨਾ ਤੋਂ ਸ਼ੁਰੂ ਹੋਇਆ। ਜਾਣਕਾਰੀ ਅਨੁਸਾਰ, 10 ਅਗਸਤ 2026 ਨੂੰ ਦੇਵਗਨ ਪਰਿਵਾਰ ਨੇ ਇਹ ਬੰਗਲਾ ‘ਫਲੋਰੀਅਨ ਹੁਰੇਲ ਸੈਲੂਨਜ਼ ਪ੍ਰਾਈਵੇਟ ਲਿਮਟਿਡ’ ਨੂੰ ਪੰਜ ਸਾਲ ਲਈ ਲੀਜ਼ ’ਤੇ ਦਿੱਤਾ ਸੀ। ਇਹ ਸੌਦਾ 10.61 ਕਰੋੜ ਰੁਪਏ ਵਿੱਚ ਹੋਇਆ ਅਤੇ ਸ਼ੁਰੂਆਤੀ ਮਹੀਨਾਵਾਰ ਕਿਰਾਇਆ 16 ਲੱਖ ਰੁਪਏ ਤੈਅ ਕੀਤਾ ਗਿਆ ਸੀ।
ਬੰਗਲੇ ਵਿੱਚ ਵਪਾਰਕ ਸੈਲੂਨ ਅਤੇ ਸਪਾ ਖੋਲ੍ਹਣ ਦੀ ਯੋਜਨਾ ਦਾ ਕਪੋਲ ਸੁਸਾਇਟੀ ਦੇ ਵਸਨੀਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਰਿਹਾਇਸ਼ੀ ਇਲਾਕੇ ਵਿੱਚ ਅਜਿਹੀ ਵਪਾਰਕ ਸਰਗਰਮੀ ਨਾਲ ਆਵਾਜਾਈ, ਪਾਰਕਿੰਗ ਅਤੇ ਸੁਰੱਖਿਆ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਸੁਸਾਇਟੀ ਨੇ BMC ਨੂੰ ਕੀਤੀ ਸੀ ਸ਼ਿਕਾਇਤ
ਸੁਸਾਇਟੀ ਅਨੁਸਾਰ, 22 ਜੁਲਾਈ 2026 ਨੂੰ ਵੀਣਾ ਵੀਰੇਂਦਰ ਦੇਵਗਨ ਅਤੇ ਅਜੈ (ਵਿਸ਼ਾਲ) ਦੇਵਗਨ ਨੂੰ ਬੰਗਲਾ ਸਿਰਫ਼ ਕਿਰਾਏ ਜਾਂ ਲੀਵ-ਐਂਡ-ਲਾਇਸੈਂਸ ਦੇ ਆਧਾਰ ’ਤੇ ਦੇਣ ਲਈ ਐੱਨਓਸੀ ਜਾਰੀ ਕੀਤੀ ਗਈ ਸੀ। ਸੁਸਾਇਟੀ ਦਾ ਦਾਅਵਾ ਹੈ ਕਿ ਇਸ ਮਨਜ਼ੂਰੀ ਵਿੱਚ ਵਪਾਰਕ ਵਰਤੋਂ ਜਾਂ ਢਾਂਚਾਗਤ ਤਬਦੀਲੀਆਂ ਦੀ ਇਜਾਜ਼ਤ ਨਹੀਂ ਸੀ।
ਸੁਸਾਇਟੀ ਨੇ ਦੇਵਗਨ ਪਰਿਵਾਰ ਨੂੰ ਕਾਨੂੰਨੀ ਮਨਜ਼ੂਰੀ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ। ਦਸਤਾਵੇਜ਼ ਨਾ ਮਿਲਣ ’ਤੇ ਸੁਸਾਇਟੀ ਨੇ 8 ਸਤੰਬਰ ਨੂੰ BMC ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਮਹਾਰਾਸ਼ਟਰ ਖੇਤਰੀ ਅਤੇ ਨਗਰ ਯੋਜਨਾ ਐਕਟ, 1966 ਦੀਆਂ ਧਾਰਾਵਾਂ 43 ਅਤੇ 52 ਤੋਂ 54 ਤਹਿਤ ਕਾਰਵਾਈ ਦੀ ਮੰਗ ਕੀਤੀ ਸੀ।
