5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ
- 5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ
ED summons Amardeep Grewal again in Rs 5 crore case: ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਜਾ ਅਮਰਦੀਪ ਸਿੰਘ ਗਰੇਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਲੁੱਕਆਊਟ ਸਰਕੂਲਰ (LOC) ਤਹਿਤ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਨੀਵਾਰ ਨੂੰ ਰੋਕ ਕੇ ਹਿਰਾਸਤ ‘ਚ ਲਿਆ ਸੀ। ED ਅਨੁਸਾਰ, ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਦਾ ਬਿਆਨ ਦਰਜ ਕੀਤਾ ਗਿਆ। ਹੁਣ ਅਮਰਦੀਪ ਗਰੇਵਾਲ ਨੂੰ ਅਗਲੇਰੀ ਪੁੱਛਗਿੱਛ ਲਈ ਇੱਕ ਹਫ਼ਤੇ ਬਾਅਦ ਮੁੜ ਆਉਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਇਹ ਮਾਮਲਾ ਕਥਿਤ 5 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਨਾਲ ਸਬੰਧਤ ਹੈ। ਦੋਸ਼ ਹਨ ਕਿ ਅੰਮ੍ਰਿਤਸਰ ਵਿੱਚ ਦਰਜ ਇੱਕ ਅਪਰਾਧਿਕ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਜਾਂ ਉਸ ਦਾ ਨਿਪਟਾਰਾ ਕਰਵਾਉਣ ਦੇ ਬਦਲੇ ਇਹ ਰਕਮ ਮੰਗੀ ਗਈ ਸੀ। ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਨਾਮ ਵੀ ਸਾਹਮਣੇ ਆਇਆ ਹੈ। ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਪਹਿਲਾਂ ਵੀ ਜਾਰੀ ਹੋਏ ਸਨ ਸੰਮਨ
ਜਾਣਕਾਰੀ ਅਨੁਸਾਰ, ED ਨੇ ਅਮਰਦੀਪ ਸਿੰਘ ਗਰੇਵਾਲ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਪਹਿਲਾਂ ਵੀ ਸੰਮਨ ਜਾਰੀ ਕੀਤੇ ਸਨ। ਦੱਸਿਆ ਜਾਂਦਾ ਹੈ ਕਿ ਉਹ 9 ਅਕਤੂਬਰ ਨੂੰ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ LOC ਜਾਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਹਵਾਈ ਅੱਡੇ ’ਤੇ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਏਜੰਸੀ ਕੋਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਤੋਂ ਸਵਾਲ-ਜਵਾਬ ਕੀਤੇ ਗਏ। ED ਮੁਤਾਬਕ, ਉਨ੍ਹਾਂ ਦਾ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਪੁੱਛਗਿੱਛ ਲਈ ਇੱਕ ਹਫ਼ਤੇ ਬਾਅਦ ਮੁੜ ਪੇਸ਼ ਹੋਣ ਲਈ ਕਿਹਾ ਗਿਆ ਹੈ।
ਪੰਜਾਬੀ ਫ਼ਿਲਮ ਇੰਡਸਟਰੀ ਨਾਲ ਵੀ ਸਬੰਧ
ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ। ਉਨ੍ਹਾਂ ਦਾ ਸਬੰਧ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨਾਲ ਵੀ ਦੱਸਿਆ ਜਾਂਦਾ ਹੈ। ED ਇਸ ਮਾਮਲੇ ਵਿੱਚ ਗਰੇਵਾਲ ਦੀ ਕਥਿਤ ਭੂਮਿਕਾ ਅਤੇ ਸੰਭਾਵਿਤ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਫਿਲਹਾਲ ਮਾਮਲੇ ਵਿੱਚ ਲੱਗੇ ਦੋਸ਼ ਜਾਂਚ ਅਧੀਨ ਹਨ ਅਤੇ ਕਿਸੇ ਵੀ ਦੋਸ਼ੀ ਦੀ ਭੂਮਿਕਾ ਬਾਰੇ ਅੰਤਿਮ ਨਤੀਜਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
