ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ
‘Yellow Vest’ movement reignites in France: ਪੈਰਿਸ: ਫਰਾਂਸ ਵਿੱਚ ਮਹਿੰਗਾਈ, ਜੀਵਨ-ਨਿਰਬਾਹ ਦੀ ਵਧਦੀ ਲਾਗਤ ਅਤੇ ਜਨਤਕ ਸੇਵਾਵਾਂ ਦੀ ਸਥਿਤੀ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਪਹਿਲਾਂ ਤੋਂ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨਾਂ ਦਰਮਿਆਨ ਕਿਸਾਨਾਂ, ਮਜ਼ਦੂਰ ਸੰਗਠਨਾਂ ਅਤੇ ‘ਯੈਲੋ ਵੈਸਟ’ ਅੰਦੋਲਨ ਨਾਲ ਜੁੜੇ ਲੋਕਾਂ ਦੇ ਸੜਕਾਂ ’ਤੇ ਉਤਰਨ ਕਾਰਨ ਕਈ ਸ਼ਹਿਰਾਂ ਵਿੱਚ ਤਣਾਅ ਪੈਦਾ ਹੋ ਗਿਆ। ਪੈਰਿਸ, ਲਿਓਨ ਅਤੇ ਮਾਰਸੇਈ ਸਮੇਤ ਕਈ ਥਾਵਾਂ ’ਤੇ ਭੰਨਤੋੜ, ਲੁੱਟਮਾਰ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ। ਰਿਪੋਰਟਾਂ ਮੁਤਾਬਕ, ਇਸ ਦੌਰਾਨ ਘੱਟੋ-ਘੱਟ 272 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੈਰਿਸ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇੱਥੇ ਇੱਕ ਵਾਹਨ ਨੂੰ ਅੱਗ ਲਗਾਉਣ ਦੀ ਘਟਨਾ ਵੀ ਸਾਹਮਣੇ ਆਈ। ਪੁਲਿਸ ਨੇ ਪੈਰਿਸ ਵਿੱਚ 163 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਕੁਝ ਦੁਕਾਨਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਲੁੱਟਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।
ਲਿਓਨ ਵਿੱਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਸੈਰ-ਸਪਾਟਾ ਦਫ਼ਤਰ ਦੀਆਂ ਖਿੜਕੀਆਂ ਤੋੜ ਦਿੱਤੀਆਂ। ਇੱਥੇ ਲੁੱਟਮਾਰ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵੀ ਰਿਪੋਰਟ ਹੋਈਆਂ। ਮਾਰਸੇਈ ਵਿੱਚ ਕੁਝ ਪ੍ਰਦਰਸ਼ਨਕਾਰੀ ਨਗਰ ਪ੍ਰਸ਼ਾਸਨ ਦੀ ਇਮਾਰਤ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਵੱਲੋਂ ਟੈਲੀਵਿਜ਼ਨ ਤੋੜਨ ਅਤੇ ਫਰਾਂਸ ਦੇ ਰਾਸ਼ਟਰੀ ਪ੍ਰਤੀਕ ‘ਮੈਰੀਅਨ’ ਦੀ ਮੂਰਤੀ ਨੂੰ ਡੇਗਣ ਦੀ ਵੀ ਖ਼ਬਰ ਹੈ।
ਪੁਲਿਸ ਦੇ ਅੰਕੜਿਆਂ ਅਨੁਸਾਰ, ਲਿਓਨ ਅਤੇ ਨਾਂਤ ਵਿੱਚ ਲਗਭਗ 20-20 ਹਜ਼ਾਰ ਲੋਕਾਂ ਨੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ, ਜਦਕਿ ਰੇਨੇਸ ਵਿੱਚ ਕਰੀਬ 10 ਹਜ਼ਾਰ ਲੋਕ ਇਕੱਠੇ ਹੋਏ। ਲਿਲੀ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਲੁੱਟਮਾਰ ਅਤੇ ਭੰਨਤੋੜ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਮਿਲੀਆਂ ਹਨ।
ਕੀ ਹੈ ‘ਯੈਲੋ ਵੈਸਟ’ ਅੰਦੋਲਨ ?
ਫਰਾਂਸ ਵਿੱਚ ‘ਯੈਲੋ ਵੈਸਟ’ ਅੰਦੋਲਨ ਦੀ ਸ਼ੁਰੂਆਤ 2018 ਵਿੱਚ ਈਂਧਨ ’ਤੇ ਟੈਕਸ ਵਧਾਉਣ ਅਤੇ ਮਹਿੰਗਾਈ ਦੇ ਵਿਰੋਧ ਵਿੱਚ ਹੋਈ ਸੀ। ਇਸ ਦਾ ਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਪਹਿਨੀਆਂ ਜਾਣ ਵਾਲੀਆਂ ਪੀਲੀਆਂ ਜੈਕਟਾਂ ਕਾਰਨ ਪਿਆ। ਇਹ ਅੰਦੋਲਨ ਬਾਅਦ ਵਿੱਚ ਵਧਦੀ ਜੀਵਨ-ਲਾਗਤ ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਵਿਆਪਕ ਰੋਸ ਦਾ ਪ੍ਰਤੀਕ ਬਣ ਗਿਆ। ਹੁਣ ਮਹਿੰਗਾਈ, ਜਨਤਕ ਸੇਵਾਵਾਂ ਅਤੇ ਆਮ ਲੋਕਾਂ ’ਤੇ ਵਧ ਰਹੇ ਆਰਥਿਕ ਬੋਝ ਦੇ ਮੁੱਦਿਆਂ ਨੂੰ ਲੈ ਕੇ ਇਸ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਦੇ ਮੁੜ ਸਰਗਰਮ ਹੋਣ ਦੀਆਂ ਰਿਪੋਰਟਾਂ ਹਨ।
