ਫਰਾਂਸ ’ਚ ਹਿੰਸਕ ਪ੍ਰਦਰਸ਼ਨ, 2,400 ਲੋਕ ਗ੍ਰਿਫ਼ਤਾਰ, 1,000 ਪੁਲਿਸ ਮੁਲਾਜ਼ਮ ਜ਼ਖ਼ਮੀ
France protests; ਫਰਾਂਸ ਵਿੱਚ ਮਹਿੰਗਾਈ ਅਤੇ ਜਨਤਕ ਸੇਵਾਵਾਂ ਦੀ ਮਾੜੀ ਹਾਲਤ ਖ਼ਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਲਗਾਤਾਰ ਦੂਜੀ ਰਾਤ ਅੱਗਜ਼ਨੀ, ਲੁੱਟਮਾਰ ਅਤੇ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਵੀ ਝੜਪਾਂ ਹੋਈਆਂ।
ਅਧਿਕਾਰੀਆਂ ਮੁਤਾਬਕ, ਪ੍ਰਦਰਸ਼ਨਾਂ ਦੌਰਾਨ ਕਰੀਬ 2,400 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਲਗਭਗ 1,000 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਪੰਜ ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉਤਰੇ ਸਨ। ਜ਼ਿਆਦਾਤਰ ਲੋਕਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ, ਪਰ ਕੁਝ ਥਾਵਾਂ ’ਤੇ ਦੁਕਾਨਾਂ ਲੁੱਟੀਆਂ ਗਈਆਂ, ਪੁਲਿਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਗਾਈ ਗਈ।
ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਹਿੰਸਾ ਦੀ ਨਿੰਦਾ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਿੰਸਾ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਮਹਿੰਗਾਈ ਅਤੇ ਜਨਤਕ ਸੇਵਾਵਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਦੀਆਂ ਕੁਝ ਮੰਗਾਂ ਜਾਇਜ਼ ਹਨ। ਮੈਕਰੋਂ ਨੇ ਦੇਸ਼ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਨਹੀਂ ਕੀਤਾ, ਪਰ ਲੋੜ ਪੈਣ ’ਤੇ ਸਥਾਨਕ ਪ੍ਰਸ਼ਾਸਨ ਨੂੰ ਕੁਝ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਉਣ ਦੇ ਅਧਿਕਾਰ ਦੇਣ ਦੀ ਗੱਲ ਕਹੀ।
ਪੈਰਿਸ ਅਤੇ ਮਾਰਸੇਈ ਵਿੱਚ ਵੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ। ਪੈਰਿਸ ਦੇ ਪਲਾਸ ਦ ਲਾ ਰਿਪਬਲਿਕ ਇਲਾਕੇ ਵਿੱਚ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸਾਈਕਲਾਂ ਦੇ ਢੇਰ ਨੂੰ ਅੱਗ ਲਗਾਉਣ ਦੀ ਘਟਨਾ ਵੀ ਸਾਹਮਣੇ ਆਈ।
ਮੱਧ ਫਰਾਂਸ ਦੇ ਲਿਮੋਜ ਸ਼ਹਿਰ ਵਿੱਚ ਅੱਗ ਲੱਗਣ ਕਾਰਨ ਇਤਿਹਾਸਕ ਟਾਊਨ ਹਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇਮਾਰਤ ਦਾ ਘੜੀ ਵਾਲਾ ਟਾਵਰ ਢਹਿ ਗਿਆ। ਸ਼ਹਿਰ ਦੇ ਮੇਅਰ ਗਿਲੌਮ ਗੇਰਾਂ ਨੇ ਦੋਸ਼ ਲਾਇਆ ਕਿ ਇਮਾਰਤ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਸਰਕਾਰੀ ਮਦਦ ਨਾ ਮਿਲਣ ’ਤੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਰੇ ਵਿਚਾਰ ਕਰਨ ਦੀ ਚਿਤਾਵਨੀ ਵੀ ਦਿੱਤੀ।
ਇਸ ਹਿੰਸਾ ਦਾ ਕਾਰੋਬਾਰ ’ਤੇ ਵੀ ਵੱਡਾ ਅਸਰ ਪਿਆ ਹੈ। ਰਿਟੇਲ ਕੰਪਨੀ ਕੈਰੇਫੋਰ ਦੇ ਮੁਖੀ ਅਲੈਕਜ਼ੈਂਡਰ ਬੋਮਪਾਰਡ ਮੁਤਾਬਕ, ਕੰਪਨੀ ਦੇ 50 ਸਟੋਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ ਵਿੱਚੋਂ 20 ਵਿੱਚ ਲੁੱਟਮਾਰ ਹੋਈ। ਨੁਕਸਾਨ ਦਾ ਅੰਦਾਜ਼ਾ ਕਈ ਕਰੋੜ ਯੂਰੋ ਤੱਕ ਲਗਾਇਆ ਗਿਆ ਹੈ।
ਸਿਆਸੀ ਆਗੂਆਂ ਨੇ ਵੀ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ। ਹੁਣ ਮੈਕਰੋਂ ਸਰਕਾਰ ਸਾਹਮਣੇ ਇੱਕ ਪਾਸੇ ਮਹਿੰਗਾਈ ਅਤੇ ਜਨਤਕ ਸੇਵਾਵਾਂ ਨੂੰ ਲੈ ਕੇ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਅਤੇ ਦੂਜੇ ਪਾਸੇ ਹਿੰਸਾ ਤੇ ਭੰਨਤੋੜ ਨੂੰ ਰੋਕਣ ਦੀ ਚੁਣੌਤੀ ਹੈ।
