ਜੱਗੂ ਭਗਵਾਨਪੁਰੀਆ ਦੀ ਪਤਨੀ ਲੜੇਗੀ ਚੋਣ, ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ
ਗੈਂਗਸਟਰ ਜਗਦੀਪ ਸਿੰਘ ਉਰਫ਼ ‘ਜੱਗੂ ਭਗਵਾਨਪੁਰੀਆ’ ਦੀ ਪਤਨੀ ਅਮਨਦੀਪ ਕੌਰ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਅਮਰੀਕਾ ਤੋਂ ਤਿੰਨ ਦਿਨ ਪਹਿਲਾਂ ਪਰਤੀ ਅਮਨਦੀਪ ਕੌਰ ਨੇ 18 ਅਕਤੂਬਰ ਨੂੰ ਹਲਕੇ ਦੇ ਪਿੰਡ ਸਰਫਕੋਟ ਵਿੱਚ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਨਹੀਂ ਦੱਸਿਆ।
ਅਮਨਦੀਪ ਕੌਰ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ ਧੀ ਵੀ ਹੈ ਅਤੇ ਨੂੰਹ ਵੀ। ਇਸ ਲਈ ਆਪਣੇ ਹਲਕੇ ਅਤੇ ਘਰ ਦੀ ਸੇਵਾ ਕਰਨਾ ਉਨ੍ਹਾਂ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਪੱਕੇ ਤੌਰ ’ਤੇ ਇੱਥੇ ਰਹਿ ਕੇ ਲੋਕਾਂ ਵਿਚਕਾਰ ਕੰਮ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਵਿੱਚ ਡੈਂਟਲ ਦੀ ਪੜ੍ਹਾਈ ਕਰ ਰਹੀ ਸੀ।
ਜੱਗੂ ਭਗਵਾਨਪੁਰੀਆ ’ਤੇ ਲੱਗੇ ਗੈਂਗਸਟਰ ਦੇ ਟੈਗ ਬਾਰੇ ਗੱਲ ਕਰਦਿਆਂ ਅਮਨਦੀਪ ਕੌਰ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਜੱਗੂ ਨਹੀਂ, ਸਗੋਂ ਜਗਦੀਪ ਸਿੰਘ ਅਠਵਾਲ ਦੇ ਨਾਂ ਨਾਲ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮਾਂ ਦੇ ਪੇਟੋਂ ਗੈਂਗਸਟਰ ਬਣ ਕੇ ਪੈਦਾ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਪਤੀ ’ਤੇ ਲੱਗਿਆ ਗੈਂਗਸਟਰ ਦਾ ਟੈਗ ਖ਼ਤਮ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਖ਼ਿਲਾਫ਼ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ 128 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਹੈ। ਇਨ੍ਹਾਂ ਵਿੱਚ ਕਤਲ, ਫਿਰੌਤੀ, ਜਬਰੀ ਵਸੂਲੀ, ਨਸ਼ਾ ਤਸਕਰੀ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੀ ਮੁਲਜ਼ਮ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਵੀ ਕਰੀਬ 12 ਮਾਮਲੇ ਦਰਜ ਦੱਸੇ ਜਾਂਦੇ ਹਨ।
ਜੱਗੂ ਭਗਵਾਨਪੁਰੀਆ ਸਾਲ 2015 ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਸਮੇਂ ਅਸਾਮ ਦੀ ਸਿਲਚਰ ਸੈਂਟਰਲ ਜੇਲ੍ਹ ਵਿੱਚ ਹੈ।