75 ਸਾਲਾ ਸੇਵਾਮੁਕਤ ETO ਨੇ ਆਪਣੇ ਕਮਰੇ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ
- ਕਮਰੇ ’ਚੋਂ ਮਿਲਿਆ ਸੁਸਾਈਡ ਨੋਟ
75-year-old retired ETO commits suicide: ਮੋਹਾਲੀ: ਮੋਹਾਲੀ ਦੇ ਫੇਜ਼-11 ਵਿੱਚ 75 ਸਾਲਾ ਸੇਵਾਮੁਕਤ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਗੁਰਮੁਖ ਸਿੰਘ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਕਮਰੇ ਵਿੱਚ ਬਿਸਤਰੇ ’ਤੇ ਸੜੀ ਹੋਈ ਹਾਲਤ ਵਿੱਚ ਮਿਲੀ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਮੁੱਢਲੀ ਜਾਂਚ ਵਿੱਚ ਖ਼ੁਦ ਅੱਗ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਕਮਰੇ ਦਾ ਕਰੀਬ 70 ਫ਼ੀਸਦੀ ਹਿੱਸਾ ਅੱਗ ਦੀ ਲਪੇਟ ਵਿੱਚ ਆ ਗਿਆ ਸੀ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਇੱਕ ਫਾਇਰ ਟੈਂਡਰ ਦੀ ਮਦਦ ਨਾਲ ਕਰੀਬ 35 ਮਿੰਟਾਂ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਬੁਝਾਉਣ ਤੋਂ ਬਾਅਦ ਕਮਰੇ ਵਿੱਚੋਂ ਗੁਰਮੁਖ ਸਿੰਘ ਦੀ ਲਾਸ਼ ਮਿਲੀ। ਇਸ ਮਗਰੋਂ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ।
ਪਤਨੀ ਦੀ ਮੌਤ ਤੋਂ ਬਾਅਦ ਰਹਿਣ ਲੱਗੇ ਸਨ ਪਰੇਸ਼ਾਨ
ਡੀਐੱਸਪੀ ਹਰਸਿਮਰਨ ਸਿੰਘ ਬਲ ਮੁਤਾਬਕ, ਮੁੱਢਲੀ ਜਾਂਚ ਵਿੱਚ ਕਮਰੇ ਅੰਦਰ ਖ਼ੁਦ ਅੱਗ ਲਗਾਏ ਜਾਣ ਦਾ ਖ਼ਦਸ਼ਾ ਸਾਹਮਣੇ ਆਇਆ ਹੈ। ਮੁੱਢਲੇ ਨਿਰੀਖਣ ਦੌਰਾਨ ਕਿਸੇ ਹੋਰ ਗੜਬੜ ਦੇ ਸੰਕੇਤ ਨਹੀਂ ਮਿਲੇ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਿਸ ਜਾਂਚ ਮੁਤਾਬਕ, ਗੁਰਮੁਖ ਸਿੰਘ ਦੀ ਪਤਨੀ ਦੀ ਕੋਵਿਡ-19 ਮਹਾਮਾਰੀ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗੇ ਸਨ ਅਤੇ ਉਨ੍ਹਾਂ ਦਾ ਮੈਡੀਟੇਸ਼ਨ ਰਾਹੀਂ ਇਲਾਜ ਵੀ ਚੱਲ ਰਿਹਾ ਸੀ। ਉਨ੍ਹਾਂ ਦੇ ਦੋਵੇਂ ਪੁੱਤਰ ਕੈਨੇਡਾ ਵਿੱਚ ਰਹਿੰਦੇ ਹਨ। ਮਕਾਨ ਮਾਲਕ ਅਨੁਸਾਰ, ਉਹ ਪਿਛਲੇ ਕਰੀਬ 10 ਸਾਲਾਂ ਤੋਂ ਇਸ ਘਰ ਵਿੱਚ ਇਕੱਲੇ ਰਹਿ ਰਹੇ ਸਨ। ਪੁਲਿਸ ਨੇ ਦੱਸਿਆ ਕਿ ਉਹ ਸਰੀਰਕ ਤੌਰ ’ਤੇ ਵੀ ਕਮਜ਼ੋਰ ਸਨ।
ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਦੀ ਉਡੀਕ
ਫੇਜ਼-11 ਥਾਣੇ ਦੇ ਮੁਖੀ ਅਮਨ ਬੈਦਵਾਨ ਨੇ ਦੱਸਿਆ ਕਿ ਮ੍ਰਿਤਕ ਦੀ ਛੋਟੀ ਭੈਣ ਨੂੰ ਮੌਕੇ ’ਤੇ ਬੁਲਾਇਆ ਗਿਆ ਸੀ ਅਤੇ ਉਸ ਦੀ ਮੌਜੂਦਗੀ ਵਿੱਚ ਲੋੜੀਂਦੀ ਕਾਰਵਾਈ ਕੀਤੀ ਗਈ। ਪੁਲਿਸ ਮੁਤਾਬਕ, ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪੀ ਜਾਵੇਗੀ। ਅੱਗ ਸਿਰਫ਼ ਉਸੇ ਕਮਰੇ ਤੱਕ ਸੀਮਤ ਰਹੀ, ਜਿੱਥੇ ਗੁਰਮੁਖ ਸਿੰਘ ਸੌਂ ਰਹੇ ਸਨ, ਜਦਕਿ ਘਰ ਦਾ ਬਾਕੀ ਸਾਮਾਨ ਸੁਰੱਖਿਅਤ ਰਿਹਾ। ਪੁਲਿਸ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਅਗਲੀ ਕਾਰਵਾਈ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਦੇ ਨਤੀਜਿਆਂ ਦੇ ਆਧਾਰ ’ਤੇ ਕੀਤੀ ਜਾਵੇਗੀ।