ਬੰਬ ਧਮਾਕੇ ਦੀ AI ਵੀਡੀਓ ਬਣਾਉਣੀ ਪਈ ਮਹਿੰਗੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
Creating an AI video of bomb blast proves costly: ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਵਿਧਾਨ ਸੌਧਾ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ AI ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਦੋਸ਼ ਹੇਠ ਪੁਲਿਸ ਨੇ 25 ਸਾਲਾ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਲੀ ਵਜੋਂ ਹੋਈ ਹੈ, ਜੋ ਬਿਹਾਰ ਦੇ ਅਰਰੀਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਬੈਂਗਲੁਰੂ ਵਿੱਚ ਪਾਈਪ ਫਿਟਰ ਵਜੋਂ ਕੰਮ ਕਰਦਾ ਸੀ।
ਵਿਧਾਨ ਸੌਧਾ ’ਤੇ ਧਮਾਕਾ ਹੁੰਦਾ ਦਿਖਾਇਆ
ਪੁਲਿਸ ਅਧਿਕਾਰੀਆਂ ਮੁਤਾਬਕ, ਮੰਗਲਵਾਰ ਸਵੇਰੇ ‘jnx__king__h_g’ ਨਾਮ ਦੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਵੀਡੀਓ ਸਾਹਮਣੇ ਆਈ ਸੀ। ਵੀਡੀਓ ਵਿੱਚ ਪਹਿਲਾਂ ਵਿਧਾਨ ਸੌਧਾ ਦੀ ਬਾਹਰੀ ਝਲਕ ਦਿਖਾਈ ਗਈ ਅਤੇ ਫਿਰ AI ਤਕਨੀਕ ਦੀ ਮਦਦ ਨਾਲ ਇਮਾਰਤ ਵਿੱਚ ਭਿਆਨਕ ਬੰਬ ਧਮਾਕਾ ਹੁੰਦਾ ਦਿਖਾਇਆ ਗਿਆ।
IP ਐਡਰੈੱਸ ਰਾਹੀਂ ਮੁਲਜ਼ਮ ਤੱਕ ਪਹੁੰਚੀ ਪੁਲਿਸ
ਪੁਲਿਸ ਦੀ ਡਿਜੀਟਲ ਨਿਗਰਾਨੀ ਦੌਰਾਨ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਧਾਨ ਸੌਧਾ ਪੁਲਿਸ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS), 2023 ਦੀਆਂ ਧਾਰਾਵਾਂ 353(1)(b) ਅਤੇ 353(2) ਤਹਿਤ ਐੱਫਆਈਆਰ ਦਰਜ ਕੀਤੀ ਗਈ। ਜਾਂਚ ਦੌਰਾਨ ਇੰਸਟਾਗ੍ਰਾਮ ਖਾਤੇ ਨਾਲ ਜੁੜੇ IP ਲੌਗ ਅਤੇ ਹੋਰ ਡਿਜੀਟਲ ਸੁਰਾਗਾਂ ਦੀ ਮਦਦ ਨਾਲ ਪੁਲਿਸ ਮੁਲਜ਼ਮ ਤੱਕ ਪਹੁੰਚੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਪੋਸਟ ਪਿੱਛੇ ਮਕਸਦ ਜਾਣਨ ਲਈ ਪੁੱਛਗਿੱਛ
ਅਧਿਕਾਰੀਆਂ ਅਨੁਸਾਰ, ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਇਹ ਵੀਡੀਓ ਕਿਸ ਮਕਸਦ ਨਾਲ ਬਣਾਈ ਸੀ ਅਤੇ ਕੀ ਇਸ ਵਿੱਚ ਕਿਸੇ ਹੋਰ ਵਿਅਕਤੀ ਦੀ ਵੀ ਭੂਮਿਕਾ ਸੀ। ਮਾਮਲੇ ਦੀ ਜਾਂਚ ਜਾਰੀ ਹੈ।