CM ਮਾਨ ਦੇ OSD ਰਾਜਬੀਰ ਘੁੰਮਣ ਅੱਜ ਵੀ CBI ਸਾਹਮਣੇ ਨਹੀਂ ਹੋਏ ਪੇਸ਼, ਮਾਮਲਾ ਗਰਮਾਇਆ
Rajbir Ghumman CBI Questioning; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਚੰਡੀਗੜ੍ਹ ਸਥਿਤ CBI ਦਫ਼ਤਰ ਵਿੱਚ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। CBI ਵੱਲੋਂ ਉਨ੍ਹਾਂ ਨੂੰ ਦੁਪਹਿਰ 2 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਹ ਤੀਜੀ ਵਾਰ ਹੈ ਜਦੋਂ ਜਾਂਚ ਏਜੰਸੀ ਨੇ ਘੁੰਮਣ ਨੂੰ ਪੁੱਛਗਿੱਛ ਲਈ ਬੁਲਾਇਆ ਸੀ।
ਇਸ ਤੋਂ ਪਹਿਲਾਂ CBI ਦੋ ਵਾਰ ਰਾਜਬੀਰ ਘੁੰਮਣ ਤੋਂ ਪੁੱਛਗਿੱਛ ਕਰ ਚੁੱਕੀ ਹੈ। ਦੋਵਾਂ ਦੌਰਾਨ ਉਨ੍ਹਾਂ ਤੋਂ ਕੁੱਲ 90 ਸਵਾਲ ਪੁੱਛੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਹੁਣ ਉਨ੍ਹਾਂ ਦੇ ਮੁੜ ਪੇਸ਼ ਨਾ ਹੋਣ ਕਾਰਨ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ।
ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਕਥਿਤ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਵਿੱਚ ਕਥਿਤ ਰਿਸ਼ਵਤਖੋਰੀ ਤੋਂ ਲੈ ਕੇ ਟੈਂਡਰ ਪ੍ਰਕਿਰਿਆ ਤੱਕ ਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰੀ ਖ਼ਜ਼ਾਨੇ ਨੂੰ ਹੋਏ ਕਥਿਤ ਨੁਕਸਾਨ ਦੀ ਵਸੂਲੀ ਕਰਨ ਦੀ ਮੰਗ ਵੀ ਉਠਾਈ ਹੈ।
ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ’ਤੇ ਲਾਈ ਸੀ ਅੰਤਰਿਮ ਰੋਕ
FIR ਦਰਜ ਹੋਣ ਤੋਂ ਬਾਅਦ CBI ਨੇ ਰਾਜਬੀਰ ਘੁੰਮਣ ਨੂੰ ਪੇਸ਼ ਹੋਣ ਲਈ ਤਿੰਨ ਸੰਮਨ ਜਾਰੀ ਕੀਤੇ ਸਨ। ਇਸ ਤੋਂ ਬਾਅਦ 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ’ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਉਨ੍ਹਾਂ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਸਨ।
ਇਸ ਮਾਮਲੇ ਵਿੱਚ ਰਾਜਬੀਰ ਘੁੰਮਣ ਪਹਿਲਾਂ CBI ਸਾਹਮਣੇ ਪੇਸ਼ ਹੋ ਚੁੱਕੇ ਹਨ। ਉਨ੍ਹਾਂ ਦੇ ਵਕੀਲ ਜੀਪੀਐੱਸ ਘੁੰਮਣ ਨੇ ਵੀ ਕਿਹਾ ਸੀ ਕਿ ਰਾਜਬੀਰ ਘੁੰਮਣ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ।
ਫਿਲਹਾਲ ਇਸ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।