ਆਂਧਰਾ ਪ੍ਰਦੇਸ਼ ’ਚ ਭਿਆਨਕ ਸੜਕ ਹਾਦਸਾ, 4 ਸ਼ਰਧਾਲੂਆਂ ਦੀ ਮੌਤ, CCTV ’ਚ ਕੈਦ ਹੋਈ ਹਾਦਸੇ ਦੀ ਭਿਆਨਕ ਵੀਡੀਓ
Kakinada Accident; ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇ-16 ’ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਘਟਨਾ ਦੀ CCTV ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਤੇਜ਼ ਰਫ਼ਤਾਰ ਸਕਾਰਪੀਓ ਕਾਰ ਸੜਕ ਕਿਨਾਰੇ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਟੱਕਰ ਮਾਰਦੀ ਦਿਖਾਈ ਦੇ ਰਹੀ ਹੈ। ਹਾਦਸੇ ਵਿੱਚ ਚਾਰ ਭਵਾਨੀ ਭਗਤਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਵੀਰਵਾਰ ਰਾਤ ਕਾਥੀਪੁਡੀ-ਰਵਿਕਮਪਾਡੂ ਜੰਕਸ਼ਨ ਨੇੜੇ ਵਾਪਰਿਆ। ਮ੍ਰਿਤਕ ਵਿਜਿਆਨਗਰਮ ਜ਼ਿਲ੍ਹੇ ਦੇ ਡੇਂਕਾਡਾ ਪਿੰਡ ਦੇ ਰਹਿਣ ਵਾਲੇ ਸਨ। ਇਹ ਸ਼ਰਧਾਲੂ ਵਿਜੈਵਾੜਾ ਵੱਲ ਜਾ ਰਹੇ ਸਨ, ਪਰ ਕਾਥੀਪੁਡੀ ਨੇੜੇ ਉਨ੍ਹਾਂ ਦੀ ਬੱਸ ਖ਼ਰਾਬ ਹੋ ਗਈ। ਇਸ ਤੋਂ ਬਾਅਦ ਉਹ ਚਾਹ ਪੀਣ ਲਈ ਸੜਕ ਕਿਨਾਰੇ ਸਥਿਤ ਦੁਕਾਨ ਵੱਲ ਪੈਦਲ ਜਾ ਰਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਸਿਰਿਗਿਡੀ ਏਰੱਈਆ (35), ਤਾਮਲਿੰਗਲਾ ਸੀਤਾਰਾਮ (36), ਤਾਤੀਪੁਡੀ ਵਰਪ੍ਰਸਾਦ (36) ਅਤੇ ਬੋਨੁਲਾ ਰਮਣਾ (52) ਵਜੋਂ ਹੋਈ ਹੈ। ਦੋ ਹੋਰ ਸ਼ਰਧਾਲੂ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਸਥਾਨਕ ਪੁਲਿਸ ਅਤੇ ਕਾਕੀਨਾਡਾ ਦੇ DSP ਪੀ. ਤਿਲਕ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ’ਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਮੰਤਰੀ ਨਾਰਾ ਲੋਕੇਸ਼ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਾਹਮਣੇ ਆਈ CCTV ਵੀਡੀਓ ਵਿੱਚ ਸਕਾਰਪੀਓ ਦੀ ਤੇਜ਼ ਰਫ਼ਤਾਰ ਅਤੇ ਸ਼ਰਧਾਲੂਆਂ ਨੂੰ ਲੱਗੀ ਜ਼ੋਰਦਾਰ ਟੱਕਰ ਦਿਖਾਈ ਦਿੰਦੀ ਹੈ। ਟੱਕਰ ਤੋਂ ਬਾਅਦ ਕਈ ਲੋਕ ਦੂਰ ਜਾ ਡਿੱਗੇ। ਪੁਲਿਸ ਹੁਣ ਹਾਦਸੇ ਦੇ ਕਾਰਨਾਂ ਅਤੇ ਜ਼ਿੰਮੇਵਾਰ ਵਿਅਕਤੀ ਬਾਰੇ ਜਾਂਚ ਕਰ ਰਹੀ ਹੈ।