ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ
Punjab air pollution; ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਵਧਣ ਲੱਗਾ ਹੈ। ਸੂਬੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 105 ਦਰਜ ਕੀਤਾ ਗਿਆ ਹੈ, ਜੋ ‘ਯੈਲੋ ਜ਼ੋਨ’ ਵਿੱਚ ਆਉਂਦਾ ਹੈ। ਮਾਹਰਾਂ ਮੁਤਾਬਕ, ਪ੍ਰਦੂਸ਼ਣ ਦੇ ਇਸ ਪੱਧਰ ’ਤੇ ਵੀ ਸਾਹ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਹਿਰਾਂ ਦੇ AQI ਅੰਕੜਿਆਂ ਮੁਤਾਬਕ, ਜਲੰਧਰ ਵਿੱਚ ਸਭ ਤੋਂ ਵੱਧ 131 AQI ਦਰਜ ਕੀਤਾ ਗਿਆ। ਇਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਵਿੱਚ 122 ਅਤੇ ਲੁਧਿਆਣਾ ਵਿੱਚ 113 AQI ਰਿਕਾਰਡ ਹੋਇਆ। ਪਿਛਲੇ ਦੋ ਤੋਂ ਤਿੰਨ ਦਿਨਾਂ ਤੋਂ ਸੂਬੇ ਦਾ ਔਸਤ AQI ਯੈਲੋ ਜ਼ੋਨ ਵਿੱਚ ਬਣਿਆ ਹੋਇਆ ਹੈ।
ਡਾਕਟਰਾਂ ਨੇ ਦਮੇ, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਜਿਨ੍ਹਾਂ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਹੈ, ਉੱਥੇ ਅਜਿਹੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।
ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਧੀਆਂ
ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵੀ ਵਧੇ ਹਨ। ਸੈਟੇਲਾਈਟ ਡੇਟਾ ਮੁਤਾਬਕ, 15 ਸਤੰਬਰ ਤੋਂ 22 ਅਕਤੂਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ 510 ਘਟਨਾਵਾਂ ਦਰਜ ਕੀਤੀਆਂ ਗਈਆਂ। ਪਿਛਲੇ ਸਾਲ ਇਸੇ ਸਮੇਂ ਦੌਰਾਨ 484 ਮਾਮਲੇ ਸਾਹਮਣੇ ਆਏ ਸਨ।
ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਭਗ 5.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਹਵਾ ਦੀ ਗੁਣਵੱਤਾ ’ਤੇ ਅਸਰ ਪਾਉਣ ਵਾਲੇ ਮੁੱਖ ਕਾਰਕਾਂ ਵਿੱਚੋਂ ਇੱਕ ਹਨ।