ਫਿਲੀਪੀਨਜ਼ ’ਚ ਹਵਾਈ ਸੈਨਾ ਦੇ ਜਹਾਜ਼ ਹਵਾ ’ਚ ਟਕਰਾਏ, 4 ਪਾਇਲਟਾਂ ਦੀ ਮੌਤ
Philippine Air Force midair crash; ਫਿਲੀਪੀਨਜ਼ ਦੀ ਹਵਾਈ ਸੈਨਾ ਲਈ 23 ਅਕਤੂਬਰ ਦਾ ਦਿਨ ਦੁਖਦਾਈ ਰਿਹਾ। ਦੁਪਹਿਰ ਕਰੀਬ 3 ਵੱਜ ਕੇ 51 ਮਿੰਟ ’ਤੇ ਬਾਤਾਂਗਾਸ ਸੂਬੇ ਦੇ ਲਿਪਾ ਸਿਟੀ ਸਥਿਤ ਫਰਨਾਂਡੋ ਏਅਰ ਬੇਸ ’ਤੇ ਟ੍ਰੇਨਿੰਗ ਦੌਰਾਨ ਦੋ SF-260 ਜਹਾਜ਼ ਹਵਾ ਵਿੱਚ ਟਕਰਾ ਗਏ। ਹਾਦਸੇ ਤੋਂ ਬਾਅਦ ਦੋਵੇਂ ਜਹਾਜ਼ ਏਅਰ ਬੇਸ ਦੀ ਹੱਦ ਅੰਦਰ ਹੀ ਡਿੱਗ ਗਏ, ਜਿਸ ਕਾਰਨ ਚਾਰ ਪਾਇਲਟਾਂ ਦੀ ਮੌਤ ਹੋ ਗਈ।
ਫਿਲੀਪੀਨ ਏਅਰ ਫੋਰਸ (PAF) ਨੇ ਸ਼ਨੀਵਾਰ ਨੂੰ ਇਸ ਹਾਦਸੇ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ। ਹਵਾਈ ਸੈਨਾ ਨੇ ਕਿਹਾ ਕਿ ਪਾਇਲਟਾਂ ਦੇ ਪਰਿਵਾਰਾਂ ਦੀ ਸਹਾਇਤਾ ਅਤੇ ਸੁਰੱਖਿਆ ਉਸ ਦੀ ਮੁੱਖ ਤਰਜੀਹ ਹੈ।
ਸਾਰੇ SF-260 ਜਹਾਜ਼ਾਂ ਦੀਆਂ ਉਡਾਣਾਂ ਰੋਕੀਆਂ
ਹਾਦਸੇ ਤੋਂ ਬਾਅਦ ਸਾਵਧਾਨੀ ਵਜੋਂ ਫਿਲੀਪੀਨ ਏਅਰ ਫੋਰਸ ਨੇ ਆਪਣੇ ਸਾਰੇ SF-260 ਜਹਾਜ਼ਾਂ ਨੂੰ ਅਸਥਾਈ ਤੌਰ ’ਤੇ ਜ਼ਮੀਨ ’ਤੇ ਰੋਕ ਦਿੱਤਾ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਦੋਵੇਂ ਜਹਾਜ਼ ਏਅਰ ਬੇਸ ਦੀ ਹੱਦ ਅੰਦਰ ਡਿੱਗੇ ਅਤੇ ਕਿਸੇ ਹੋਰ ਵਿਅਕਤੀ ਦੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
PAF ਦੇ ਬੁਲਾਰੇ ਕਰਨਲ ਐਲਵਿਨ ਜੇ. ਕੈਪਿੰਗੁਇਯਾਨ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਪ੍ਰਬੰਧ ਸਰਗਰਮ ਕਰ ਦਿੱਤੇ ਗਏ ਸਨ। ਹਵਾਈ ਸੈਨਾ ਨੇ ਮ੍ਰਿਤਕ ਪਾਇਲਟਾਂ ਦੀ ਸੇਵਾ ਅਤੇ ਕੁਰਬਾਨੀ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਬਣਾਈ ਰੱਖਣ ਦੀ ਗੱਲ ਵੀ ਕਹੀ ਹੈ। ਪਰਿਵਾਰਾਂ ਨੇ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ।
ਇਟਲੀ ’ਚ ਤਿਆਰ ਕੀਤਾ ਗਿਆ SF-260 ਜਹਾਜ਼
SF-260 ਇੱਕ ਹਲਕਾ ਟ੍ਰੇਨਰ ਜਹਾਜ਼ ਹੈ, ਜਿਸ ਦੀ ਵਰਤੋਂ ਪਾਇਲਟਾਂ ਨੂੰ ਉਡਾਣ ਦੀ ਸਿਖਲਾਈ ਦੇਣ ਅਤੇ ਕੁਝ ਹਾਲਾਤਾਂ ਵਿੱਚ ਹਲਕੇ ਹਮਲਾਵਰ ਮਿਸ਼ਨਾਂ ਲਈ ਕੀਤੀ ਜਾਂਦੀ ਹੈ। ਇਸ ਜਹਾਜ਼ ਦਾ ਡਿਜ਼ਾਈਨ ਇਟਲੀ ਦੇ ਇੰਜੀਨੀਅਰ ਸਟੇਲੀਓ ਫਰਾਤੀ ਨੇ 1960 ਦੇ ਦਹਾਕੇ ਵਿੱਚ ਤਿਆਰ ਕੀਤਾ ਸੀ। ਇਸ ਦੀ ਪਹਿਲੀ ਉਡਾਣ 15 ਜੁਲਾਈ 1964 ਨੂੰ ਹੋਈ ਸੀ।
ਇਹ ਦੋ ਸੀਟਾਂ ਵਾਲਾ, ਪਿਸਟਨ ਇੰਜਣ ਨਾਲ ਚੱਲਣ ਵਾਲਾ ਜਹਾਜ਼ ਹੈ, ਜਿਸ ਦੀ ਵਰਤੋਂ ਕਈ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਪਾਇਲਟਾਂ ਦੀ ਮੁੱਢਲੀ ਅਤੇ ਉੱਚ ਪੱਧਰੀ ਉਡਾਣ ਸਿਖਲਾਈ ਲਈ ਕਰਦੀਆਂ ਹਨ। ਫਿਲੀਪੀਨ ਏਅਰ ਫੋਰਸ ਵੀ ਲੰਮੇ ਸਮੇਂ ਤੋਂ ਇਸ ਜਹਾਜ਼ ਦੀ ਵਰਤੋਂ ਕਰ ਰਹੀ ਹੈ। 2017 ਵਿੱਚ ਮਰਾਵੀ ਸ਼ਹਿਰ ਵਿੱਚ ਚਲਾਏ ਗਏ ਫੌਜੀ ਆਪਰੇਸ਼ਨ ਦੌਰਾਨ ਵੀ SF-260 ਜਹਾਜ਼ ਵਰਤੇ ਗਏ ਸਨ।
ਹਾਦਸਿਆਂ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ
ਰਿਪੋਰਟਾਂ ਮੁਤਾਬਕ, ਫਿਲੀਪੀਨ ਏਅਰ ਫੋਰਸ ਦੇ SF-260 ਜਹਾਜ਼ ਪਹਿਲਾਂ ਵੀ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਮਈ 2026 ਵਿੱਚ ਉੱਤਰੀ ਫਿਲੀਪੀਨਜ਼ ਦੇ ਪਹਾੜੀ ਇਲਾਕੇ ਵਿੱਚ ਇੱਕ SF-260 ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ ਵਿੱਚ ਦੋ ਪਾਇਲਟਾਂ ਦੀ ਮੌਤ ਹੋਣ ਦੀ ਰਿਪੋਰਟ ਸੀ। 2023 ਵਿੱਚ ਵੀ ਟ੍ਰੇਨਿੰਗ ਉਡਾਣ ਦੌਰਾਨ ਅਜਿਹੇ ਹਾਦਸੇ ਵਿੱਚ ਦੋ ਪਾਇਲਟਾਂ ਦੀ ਜਾਨ ਗਈ ਸੀ।
ਮੌਜੂਦਾ ਹਾਦਸੇ ਦੀ ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਹਾਜ਼ਾਂ ਦੀ ਆਪਸੀ ਟੱਕਰ ਪਾਇਲਟ ਦੀ ਗ਼ਲਤੀ, ਮੌਸਮ, ਤਕਨੀਕੀ ਖ਼ਰਾਬੀ ਜਾਂ ਸੰਚਾਰ ਵਿੱਚ ਕਿਸੇ ਦਿੱਕਤ ਕਾਰਨ ਹੋਈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇਗੀ।