ਪੰਜਾਬ ’ਚ ਕਾਂਗਰਸ ਅੱਜ ਤੋਂ ਸ਼ੁਰੂ ਕਰੇਗੀ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ
- 25 ਨਵੰਬਰ ਤੱਕ ਪਿੰਡਾਂ, ਵਾਰਡਾਂ ਅਤੇ ਬੂਥਾਂ ’ਤੇ ਹੋਵੇਗਾ ਜਨਸੰਪਰਕ
- ਵੋਟ ਰੱਖਿਅਕਾਂ ਦੀਆਂ ਟੀਮਾਂ ਕੀਤੀਆਂ ਜਾਣਗੀਆਂ ਤਾਇਨਾਤ
Congress to launch ‘Save Vote, Save Nation’ campaign in Punjab: ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਮੁਹਿੰਮ 25 ਅਕਤੂਬਰ ਤੋਂ 25 ਨਵੰਬਰ ਤੱਕ ਇੱਕ ਮਹੀਨੇ ਲਈ ਚਲਾਈ ਜਾਵੇਗੀ। ਇਸ ਦੌਰਾਨ ਪਾਰਟੀ ਵੱਲੋਂ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਪਹੁੰਚ ਬਣਾਉਣ ਅਤੇ ਪਿੰਡਾਂ, ਵਾਰਡਾਂ ਤੇ ਬੂਥਾਂ ਵਿੱਚ ਜਨਸੰਪਰਕ ਵਧਾਉਣ ’ਤੇ ਧਿਆਨ ਦਿੱਤਾ ਜਾਵੇਗਾ। ਮੁਹਿੰਮ ਤਹਿਤ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਚੌਪਾਲਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਵੋਟਾਂ ਨਾਲ ਸਬੰਧਤ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ।
ਬੂਥ ਪੱਧਰ ’ਤੇ ਤਾਇਨਾਤ ਹੋਣਗੇ ‘ਵੋਟ ਰੱਖਿਅਕ’
ਕਾਂਗਰਸ ਵੱਲੋਂ ਮੁਹਿੰਮ ਤਹਿਤ ਹਰੇਕ ਬੂਥ ਪੱਧਰ ’ਤੇ ‘ਵੋਟ ਰੱਖਿਅਕਾਂ’ ਦੀਆਂ ਟੀਮਾਂ ਤਾਇਨਾਤ ਕਰਨ ਦੀ ਯੋਜਨਾ ਹੈ। ਇਹ ਟੀਮਾਂ ਵੋਟਰਾਂ ਨਾਲ ਜੁੜੀਆਂ ਸ਼ਿਕਾਇਤਾਂ ਦਰਜ ਕਰਨਗੀਆਂ ਅਤੇ ਵੋਟਾਂ ਸਬੰਧੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਪੱਧਰ ’ਤੇ ਉਠਾਉਣਗੀਆਂ। ਪਾਰਟੀ ਦਾ ਉਦੇਸ਼ ਇਸ ਮੁਹਿੰਮ ਰਾਹੀਂ ਜ਼ਮੀਨੀ ਪੱਧਰ ’ਤੇ ਆਪਣਾ ਜਥੇਬੰਦਕ ਢਾਂਚਾ ਮਜ਼ਬੂਤ ਕਰਨਾ ਅਤੇ ਵੋਟਰਾਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਹੈ।
1 ਨਵੰਬਰ ਨੂੰ ਦਿੱਲੀ ਦੀ ਰੈਲੀ ’ਚ ਸ਼ਾਮਲ ਹੋਣਗੇ ਵਰਕਰ
ਇਸ ਦੌਰਾਨ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਇੰਡੀਆ ਗਠਜੋੜ ਦੀ ਰੈਲੀ ਵਿੱਚ ਵੀ ਪੰਜਾਬ ਤੋਂ ਕਾਂਗਰਸੀ ਵਰਕਰ ਸ਼ਮੂਲੀਅਤ ਕਰਨਗੇ। ਇਸ ਰੈਲੀ ਵਿੱਚ ਹਿੱਸਾ ਲੈਣ ਲਈ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਪੰਜਾਬ ਵਿੱਚ ਇੱਕ ਮਹੀਨੇ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਪਾਰਟੀ ਵੱਲੋਂ ਪਿੰਡਾਂ ਤੋਂ ਲੈ ਕੇ ਬੂਥ ਪੱਧਰ ਤੱਕ ਸਰਗਰਮੀਆਂ ਕੀਤੀਆਂ ਜਾਣਗੀਆਂ।