ਵੱਡੀ ਖ਼ਬਰ! ਪਰਿਵਾਰ ਦੇ ਚਾਰ ਜੀਆਂ ਨੇ ਖਾਧਾ ਜ਼ਹਿਰੀਲਾ ਪਦਾਰਥ, ਸਾਰੇ ਹਸਪਤਾਲ ‘ਚ ਭਰਤੀ
ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਪਰਿਵਾਰ ਦੇ ਚਾਰ ਜੀਆਂ ਵੱਲੋਂ ਜ਼ਹਿਰੀਲਾ ਪਦਾਰਥ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚ ਇੱਕ ਔਰਤ ਅਤੇ ਉਸ ਦੇ ਤਿੰਨ ਨਾਬਾਲਗ ਬੱਚੇ ਸ਼ਾਮਲ ਹਨ। ਚਾਰੋਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਔਰਤ ਦਾ ਆਪਣੇ ਪਤੀ ਨਾਲ ਕਿਸੇ ਪਰਿਵਾਰਕ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਔਰਤ ਨੇ ਖ਼ੁਦ ਜ਼ਹਿਰੀਲਾ ਪਦਾਰਥ ਖਾ ਲਿਆ ਅਤੇ ਆਪਣੇ ਤਿੰਨ ਬੱਚਿਆਂ ਨੂੰ ਵੀ ਖੁਆ ਦਿੱਤਾ।
ਜ਼ਹਿਰੀਲਾ ਪਦਾਰਥ ਖਾਣ ਵਾਲੇ ਬੱਚਿਆਂ ਵਿੱਚ 11 ਅਤੇ 13 ਸਾਲ ਦੇ ਦੋ ਪੁੱਤਰ ਅਤੇ 17 ਸਾਲ ਦੀ ਧੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 17 ਸਾਲਾ ਧੀ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਚਾਰੋਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਹੈ।