ਭਾਰਤ ’ਚ ਹੁਣ E100 ਫਿਊਲ ਨਾਲ ਚੱਲਣਗੀਆਂ ਕਾਰਾਂ, ਕੇਂਦਰ ਸਰਕਾਰ ਦੀ ਮਨਜ਼ੂਰੀ
Central Motor Vehicle Rules; ਭਾਰਤ ਵਿੱਚ ਜਲਦ ਹੀ 100 ਫ਼ੀਸਦੀ ਐਥਨੌਲ ਵਾਲੇ E100 ਫਿਊਲ ਨਾਲ ਚੱਲਣ ਵਾਲੀਆਂ ਕਾਰਾਂ ਸੜਕਾਂ ’ਤੇ ਦੌੜਦੀਆਂ ਨਜ਼ਰ ਆ ਸਕਦੀਆਂ ਹਨ। ਕੇਂਦਰ ਸਰਕਾਰ ਨੇ E100 ਫਿਊਲ ਦੀ ਵਰਤੋਂ ਕਰਨ ਵਾਲੀਆਂ ਗੱਡੀਆਂ ਲਈ ਨਿਯਮਾਂ ਵਿੱਚ ਬਦਲਾਅ ਕਰਕੇ ਮਨਜ਼ੂਰੀ ਦਾ ਰਾਹ ਸਾਫ਼ ਕਰ ਦਿੱਤਾ ਹੈ।
E100 ਫਿਊਲ ਪੂਰੀ ਤਰ੍ਹਾਂ ਐਥਨੌਲ ਨਾਲ ਬਣਿਆ ਹੁੰਦਾ ਹੈ। ਇਹ ਮੁੱਖ ਤੌਰ ’ਤੇ ਗੰਨੇ ਅਤੇ ਮੱਕੀ ਵਰਗੀਆਂ ਫ਼ਸਲਾਂ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਪੈਟਰੋਲ ਦੀ ਮਿਲਾਵਟ ਨਹੀਂ ਹੁੰਦੀ।
ਹਾਲਾਂਕਿ, ਆਮ ਪੈਟਰੋਲ ਜਾਂ E20 ਫਿਊਲ ’ਤੇ ਚੱਲਣ ਵਾਲੀਆਂ ਮੌਜੂਦਾ ਕਾਰਾਂ ਵਿੱਚ E100 ਜਾਂ E85 ਫਿਊਲ ਨਹੀਂ ਪਾਇਆ ਜਾ ਸਕੇਗਾ। ਇਸ ਦੀ ਵਰਤੋਂ ਸਿਰਫ਼ ਉਨ੍ਹਾਂ ਗੱਡੀਆਂ ਵਿੱਚ ਹੀ ਹੋਵੇਗੀ, ਜਿਨ੍ਹਾਂ ਨੂੰ ਕੰਪਨੀਆਂ ਨੇ ਖ਼ਾਸ ਤੌਰ ’ਤੇ ਇਸ ਫਿਊਲ ਲਈ ਤਿਆਰ ਅਤੇ ਸਰਟੀਫਾਈ ਕੀਤਾ ਹੋਵੇਗਾ।
ਨਵੇਂ ਨਿਯਮਾਂ ਨਾਲ ਫਲੈਕਸ-ਫਿਊਲ ਗੱਡੀਆਂ ਦੀ ਟੈਸਟਿੰਗ ਅਤੇ ਉਨ੍ਹਾਂ ਨੂੰ ਸੜਕਾਂ ’ਤੇ ਚਲਾਉਣ ਦੀ ਮਨਜ਼ੂਰੀ ਮਿਲਣ ਦਾ ਰਾਹ ਖੁੱਲ੍ਹੇਗਾ। ਇਹ ਤਕਨੀਕ ਇੰਜਣ ਨੂੰ ਵੱਖ-ਵੱਖ ਅਨੁਪਾਤ ਵਾਲੇ ਪੈਟਰੋਲ-ਐਥਨੌਲ ਮਿਸ਼ਰਣ ’ਤੇ ਚਲਾਉਣ ਦੀ ਸਹੂਲਤ ਦਿੰਦੀ ਹੈ।
ਸਰਕਾਰ ਮੁਤਾਬਕ, ਐਥਨੌਲ ਦੀ ਵਰਤੋਂ ਵਧਣ ਨਾਲ ਪ੍ਰਦੂਸ਼ਣ ਘਟਾਉਣ ਅਤੇ ਕੱਚੇ ਤੇਲ ਦੀ ਦਰਾਮਦ ’ਤੇ ਨਿਰਭਰਤਾ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਹੋਣ ਦੀ ਵੀ ਉਮੀਦ ਹੈ।
ਫਿਲਹਾਲ ਇਹ ਆਮ ਪੈਟਰੋਲ ਕਾਰਾਂ ਨੂੰ ਬੰਦ ਕਰਨ ਦਾ ਨਿਯਮ ਨਹੀਂ, ਸਗੋਂ ਵਾਹਨਾਂ ਲਈ ਇੱਕ ਹੋਰ ਵਿਕਲਪ ਹੈ। ਮੌਜੂਦਾ ਕਾਰ ਮਾਲਕਾਂ ਨੂੰ ਆਪਣੀਆਂ ਗੱਡੀਆਂ ਵਿੱਚ ਕੋਈ ਬਦਲਾਅ ਕਰਵਾਉਣ ਦੀ ਲੋੜ ਨਹੀਂ ਹੈ।