ਫਰਾਂਸ ਦਾ ਦੁਰਲੱਭ 9 ਕੈਰੇਟ ਦਾ ਗੁਲਾਬੀ ਹੀਰਾ, ਹੁਣ 100 ਸਾਲ ਬਾਅਦ ਮੁੜ ਹੋਵੇਗਾ ਪ੍ਰਦਰਸ਼ਿਤ
- 1926 ਵਿੱਚ ਫਰਾਂਸ ਦੇ ਸ਼ਾਂਟਿਲੀ ਮਹੱਲ ਤੋਂ ਹੋਇਆ ਸੀ ਚੋਰੀ
ਨਵੀਂ ਦਿੱਲੀ: ਫਰਾਂਸ ਦਾ ਦੁਰਲੱਭ 9 ਕੈਰੇਟ ਦਾ ਗੁਲਾਬੀ ਹੀਰਾ ‘ਗ੍ਰੈਂਡ ਕੋਂਦੇ’ ਲਗਭਗ 100 ਸਾਲ ਬਾਅਦ ਮੁੜ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ। ਅਕਤੂਬਰ 1926 ਵਿੱਚ ਸ਼ਾਂਟਿਲੀ ਮਹੱਲ ਤੋਂ ਚੋਰੀ ਹੋਏ ਇਸ ਹੀਰੇ ਦੀ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ। ਚੋਰਾਂ ਨੇ ਇਸ ਨੂੰ ਇੱਕ ਖੋਖਲੇ ਸੇਬ ਵਿੱਚ ਲੁਕਾਇਆ ਸੀ, ਪਰ ਇੱਕ ਨੌਕਰਾਣੀ ਵੱਲੋਂ ਭੁੱਖ ਲੱਗਣ ’ਤੇ ਸੇਬ ਕੱਟਣ ਨਾਲ ਹੀਰੇ ਦਾ ਭੇਤ ਖੁੱਲ੍ਹ ਗਿਆ ਸੀ। ਹੁਣ ਇਸ ਦੁਰਲੱਭ ਹੀਰੇ ਨੂੰ ਸ਼ਾਂਟਿਲੀ ਮਹੱਲ ਦੇ ਕੋਂਦੇ ਮਿਊਜ਼ੀਅਮ ਵਿੱਚ ਲੱਗਣ ਵਾਲੀ ਪ੍ਰਦਰਸ਼ਨੀ ਵਿੱਚ ਰੱਖਿਆ ਜਾਵੇਗਾ। ਇਹ ਪ੍ਰਦਰਸ਼ਨੀ 3 ਜਨਵਰੀ ਤੱਕ ਚੱਲੇਗੀ। ਇਸ ਦੌਰਾਨ ਹੀਰੇ ਦੇ ਨਾਲ ਇਸ ਦੀ ਚੋਰੀ, ਬਰਾਮਦਗੀ ਅਤੇ ਇਤਿਹਾਸ ਨਾਲ ਜੁੜੇ ਵਿਸ਼ੇਸ਼ ਦਸਤਾਵੇਜ਼ ਵੀ ਦਿਖਾਏ ਜਾਣਗੇ।
ਚੋਰਾਂ ਨੇ ਸੇਬ ਵਿੱਚ ਲੁਕਾਇਆ ਸੀ ਕੀਮਤੀ ਹੀਰਾ
ਅਕਤੂਬਰ 1926 ਦੀ ਇੱਕ ਰਾਤ ਚੋਰ ਸ਼ਾਂਟਿਲੀ ਮਹੱਲ ਵਿੱਚ ਦਾਖ਼ਲ ਹੋਏ ਅਤੇ ‘ਗ੍ਰੈਂਡ ਕੋਂਦੇ’ ਹੀਰਾ ਚੋਰੀ ਕਰਕੇ ਫ਼ਰਾਰ ਹੋ ਗਏ। ਨਾਸ਼ਪਾਤੀ ਵਰਗੀ ਬਣਤਰ ਵਾਲਾ ਇਹ ਗੁਲਾਬੀ ਹੀਰਾ ਫਰਾਂਸ ਦੇ ਸ਼ਾਹੀ ਖ਼ਜ਼ਾਨੇ ਨਾਲ ਜੁੜਿਆ ਹੋਇਆ ਸੀ। ਫਰਾਂਸੀਸੀ ਕ੍ਰਾਂਤੀ ਦੇ ਦੌਰ ਵਿੱਚ ਵੀ ਇਹ ਸੁਰੱਖਿਅਤ ਰਿਹਾ ਸੀ। ਚੋਰੀ ਤੋਂ ਬਾਅਦ ਚੋਰਾਂ ਨੇ ਹੀਰੇ ਨੂੰ ਲੁਕਾਉਣ ਲਈ ਇੱਕ ਸੇਬ ਦੇ ਅੰਦਰ ਖੋਖਲੀ ਥਾਂ ਬਣਾਈ ਅਤੇ ਉਸ ਵਿੱਚ ਹੀਰਾ ਰੱਖ ਦਿੱਤਾ। ਉਨ੍ਹਾਂ ਨੂੰ ਉਮੀਦ ਸੀ ਕਿ ਇਸ ਤਰੀਕੇ ਨਾਲ ਕਿਸੇ ਨੂੰ ਕੀਮਤੀ ਰਤਨ ਬਾਰੇ ਪਤਾ ਨਹੀਂ ਲੱਗੇਗਾ। ਪਰ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਦੀ ਇਹ ਚਾਲ ਨਾਕਾਮ ਹੋ ਗਈ।
ਨੌਕਰਾਣੀ ਨੇ ਸੇਬ ਕੱਟਿਆ ਤਾਂ ਸਾਹਮਣੇ ਆਇਆ ਹੀਰਾ
ਰਿਪੋਰਟਾਂ ਮੁਤਾਬਕ, ਚੋਰ ਜਿਸ ਹੋਟਲ ਵਿੱਚ ਠਹਿਰੇ ਹੋਏ ਸਨ, ਉੱਥੇ ਇੱਕ ਨੌਕਰਾਣੀ ਨੇ ਸੇਬ ਖਾਣ ਲਈ ਕੱਟਿਆ। ਇਸੇ ਦੌਰਾਨ ਸੇਬ ਦੇ ਅੰਦਰ ਲੁਕਾਇਆ ਗਿਆ ਹੀਰਾ ਸਾਹਮਣੇ ਆ ਗਿਆ ਅਤੇ ਇਸ ਦੀ ਚੋਰੀ ਦਾ ਭੇਤ ਖੁੱਲ੍ਹ ਗਿਆ। ਹੀਰਾ ਬਰਾਮਦ ਹੋਣ ਤੋਂ ਬਾਅਦ ਇਹ ਘਟਨਾ ਉਸ ਸਮੇਂ ਦੇ ਅਖ਼ਬਾਰਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਸੀ। ਕੋਂਦੇ ਮਿਊਜ਼ੀਅਮ ਦੇ ਨਿਰਦੇਸ਼ਕ ਮੈਥਿਊ ਡੇਲਡਿਕ ਮੁਤਾਬਕ, ਸੇਬ ਵਿੱਚ ਹੀਰਾ ਲੁਕਾਉਣ ਦੀ ਕਹਾਣੀ ਭਾਵੇਂ ਹੈਰਾਨੀਜਨਕ ਲੱਗਦੀ ਹੈ, ਪਰ ਉਸ ਸਮੇਂ ਦੇ ਅਖ਼ਬਾਰਾਂ ਵਿੱਚ ਇਸ ਘਟਨਾ ਦੀ ਕਾਫ਼ੀ ਚਰਚਾ ਹੋਈ ਸੀ।
ਹੀਰੇ ਦੀ ਸੁਰੱਖਿਆ ’ਤੇ ਵੀ ਸਵਾਲ
ਯੂਰਪ ਦੇ ਅਜਾਇਬ ਘਰਾਂ ਵਿੱਚ ਪਿਛਲੇ ਸਮੇਂ ਦੌਰਾਨ ਚੋਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਪੈਰਿਸ ਦੇ ਲੂਵਰ ਮਿਊਜ਼ੀਅਮ ਵਿੱਚ ਦਿਨ-ਦਿਹਾੜੇ ਗਹਿਣੇ ਚੋਰੀ ਹੋਣ ਦੀ ਘਟਨਾ ਵੀ ਸ਼ਾਮਲ ਹੈ। ਅਜਿਹੇ ਮਾਹੌਲ ਵਿੱਚ ‘ਗ੍ਰੈਂਡ ਕੋਂਦੇ’ ਵਰਗੇ ਦੁਰਲੱਭ ਹੀਰੇ ਨੂੰ ਜਨਤਕ ਤੌਰ ’ਤੇ ਪ੍ਰਦਰਸ਼ਿਤ ਕਰਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਸੀਐੱਨਐੱਨ ਦੀ ਰਿਪੋਰਟ ਮੁਤਾਬਕ, ਮਿਊਜ਼ੀਅਮ ਦੇ ਨਿਰਦੇਸ਼ਕ ਨੇ ਹੀਰੇ ਦੇ ਬੀਮੇ ਦੀ ਰਕਮ ਬਾਰੇ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਉਨ੍ਹਾਂ ਦੱਸਿਆ ਕਿ ਹੀਰੇ ਦੀ ਪਛਾਣ ਦੀ ਪੁਸ਼ਟੀ ਲਈ ਵਿਗਿਆਨਕ ਅਤੇ ਅਕਾਦਮਿਕ ਅਧਿਐਨ ਕੀਤੇ ਗਏ ਹਨ।
ਗੁਲਾਬੀ ਹੀਰੇ ਇੰਨੇ ਦੁਰਲੱਭ ਕਿਉਂ ਹਨ ?
ਕੁਦਰਤੀ ਤੌਰ ’ਤੇ ਮਿਲਣ ਵਾਲੇ ਗੁਲਾਬੀ ਹੀਰੇ ਬਹੁਤ ਦੁਰਲੱਭ ਹੁੰਦੇ ਹਨ। ਇਸੇ ਕਾਰਨ ਇਨ੍ਹਾਂ ਦੀ ਨਿਲਾਮੀ ਕੀਮਤ ਕਈ ਵਾਰ ਕਰੋੜਾਂ ਡਾਲਰ ਤੱਕ ਪਹੁੰਚ ਜਾਂਦੀ ਹੈ। ਨਿਲਾਮੀ ਘਰ ਸੋਥਬੀਜ਼ ਮੁਤਾਬਕ, 2017 ਵਿੱਚ ਇੱਕ ਗੁਲਾਬੀ ਹੀਰਾ 7.12 ਕਰੋੜ ਡਾਲਰ ਵਿੱਚ ਵਿਕਿਆ ਸੀ। ਪਰ ‘ਗ੍ਰੈਂਡ ਕੋਂਦੇ’ ਦੀ ਮੌਜੂਦਾ ਕੀਮਤ ਜਨਤਕ ਨਹੀਂ ਕੀਤੀ ਗਈ, ਇਸ ਲਈ ਦੂਜੇ ਹੀਰੇ ਦੀ ਨਿਲਾਮੀ ਕੀਮਤ ਦੇ ਆਧਾਰ ’ਤੇ ਇਸ ਦੀ ਕੀਮਤ ਦਾ ਅੰਦਾਜ਼ਾ ਲਗਾਉਣਾ ਠੀਕ ਨਹੀਂ ਹੋਵੇਗਾ।
1740 ਵਿੱਚ ਪਹਿਲੀ ਵਾਰ ਦਰਜ ਹੋਇਆ ਸੀ ਹੀਰੇ ਦਾ ਜ਼ਿਕਰ
‘ਗ੍ਰੈਂਡ ਕੋਂਦੇ’ ਦੀ ਸ਼ੁਰੂਆਤੀ ਉਤਪਤੀ ਬਾਰੇ ਅਜੇ ਵੀ ਪੱਕੀ ਜਾਣਕਾਰੀ ਨਹੀਂ ਹੈ। ਸ਼ਾਂਟਿਲੀ ਮਹੱਲ ਦੇ ਰਿਕਾਰਡ ਮੁਤਾਬਕ, ਇਸ ਹੀਰੇ ਦਾ ਪਹਿਲਾ ਦਰਜ ਜ਼ਿਕਰ 1740 ਵਿੱਚ ਮਿਲਦਾ ਹੈ। ਉਸ ਸਮੇਂ ਪ੍ਰਿੰਸ ਲੂਈ ਹੈਨਰੀ ਡੀ ਬੌਰਬਨ ਦੀ ਮੌਤ ਤੋਂ ਬਾਅਦ ਤਿਆਰ ਕੀਤੀ ਗਈ ਜਾਇਦਾਦ ਦੀ ਸੂਚੀ ਵਿੱਚ ਇਸ ਦਾ ਜ਼ਿਕਰ ਸੀ। ਬਾਅਦ ਵਿੱਚ ਇਹ ਫਰਾਂਸ ਦੇ ਰਾਜਾ ਲੂਈ ਫਿਲਿਪ ਪਹਿਲੇ ਦੀ ਪਤਨੀ ਮਹਾਰਾਣੀ ਮੈਰੀ-ਅਮੇਲੀਆ ਦੇ ਸੰਗ੍ਰਹਿ ਦਾ ਹਿੱਸਾ ਬਣਿਆ। ਫਿਰ ਇਹ ਉਨ੍ਹਾਂ ਦੇ ਪੁੱਤਰ ਪ੍ਰਿੰਸ ਹੈਨਰੀ ਆਫ਼ ਓਰਲੀਅਨਜ਼, ਡਿਊਕ ਆਫ਼ ਓਮਾਲ ਕੋਲ ਪਹੁੰਚਿਆ। ਡਿਊਕ ਨੇ ਆਪਣੀ ਜਾਇਦਾਦ ਇੰਸਟੀਚਿਊਟ ਆਫ਼ ਫਰਾਂਸ ਨੂੰ ਸੌਂਪ ਦਿੱਤੀ ਸੀ। ਅੱਜ ਸ਼ਾਂਟਿਲੀ ਮਹੱਲ ਦੀ ਮਾਲਕੀ ਵੀ ਇਸੇ ਸੰਸਥਾ ਕੋਲ ਹੈ।