ਪੰਜਾਬ ’ਚ ਮੁੜ ਬਦਲੇਗਾ ਮੌਸਮ, ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਸੰਭਾਵਨਾ
ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਅੱਜ 28 ਅਕਤੂਬਰ ਨੂੰ ਪੰਜਾਬ ਵਿੱਚ ਦਿਨ ਭਰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਸ਼ਾਮ ਵੇਲੇ ਕੁਝ ਥਾਵਾਂ ’ਤੇ ਬੱਦਲ ਛਾ ਸਕਦੇ ਹਨ। ਚੰਡੀਗੜ੍ਹ ਵਿੱਚ ਵੀ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦਾ ਅਨੁਮਾਨ ਹੈ। 29 ਅਕਤੂਬਰ ਤੋਂ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਗਰਜ-ਚਮਕ ਨਾਲ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਕੁਝ ਥਾਵਾਂ ’ਤੇ ਗੜੇਮਾਰੀ ਵੀ ਹੋ ਸਕਦੀ ਹੈ। ਮੌਸਮ ਵਿੱਚ ਇਸ ਤਬਦੀਲੀ ਕਾਰਨ ਸਵੇਰੇ ਅਤੇ ਸ਼ਾਮ ਵੇਲੇ ਹਲਕੀ ਠੰਢ ਵਧਣ ਦੇ ਆਸਾਰ ਹਨ।
ਬਠਿੰਡਾ ਰਿਹਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ
ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ 32.7 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ। ਬੰਗਾਲ ਦੀ ਖਾੜੀ ਵਿੱਚ ਬਣੇ ਚੱਕਰਵਾਤ ਦਾ ਅਸਰ ਵੀ ਮੌਸਮ ’ਤੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਉੱਤਰੀ ਹਰਿਆਣਾ ਵਿੱਚ ਚੱਕਰਵਾਤੀ ਹਵਾਵਾਂ ਦਾ ਘੇਰਾ ਸਰਗਰਮ
ਮੌਸਮ ਵਿਭਾਗ ਮੁਤਾਬਕ ਉੱਤਰੀ ਹਰਿਆਣਾ ਦੇ ਉੱਪਰ ਸਮੁੰਦਰ ਤਲ ਤੋਂ 3.1 ਤੋਂ 4.5 ਕਿਲੋਮੀਟਰ ਦੀ ਉਚਾਈ ’ਤੇ ਚੱਕਰਵਾਤੀ ਹਵਾਵਾਂ ਦਾ ਘੇਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, 27 ਅਕਤੂਬਰ ਦੀ ਰਾਤ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਿਸਟਮ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਦੇ ਅਸਰ ਹੇਠ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੱਦਲਵਾਈ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਖ਼ਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਸਲਾਹ
29 ਅਕਤੂਬਰ ਤੋਂ ਮੌਸਮ ਵਿੱਚ ਤਬਦੀਲੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਿਜਲੀ ਚਮਕਣ ਦੌਰਾਨ ਖੁੱਲ੍ਹੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ ਅਤੇ ਸੁਰੱਖਿਅਤ ਥਾਂ ’ਤੇ ਰਹਿਣਾ ਚਾਹੀਦਾ ਹੈ। ਕਿਸਾਨਾਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਮੌਸਮ ਦੇ ਅਪਡੇਟ ’ਤੇ ਨਜ਼ਰ ਰੱਖਣ ਦੀ ਲੋੜ ਹੈ।