ਚੱਕਰਵਾਤੀ ਤੂਫ਼ਾਨ ‘ਅਰਨਬ’ ਆਂਧਰਾ ਪ੍ਰਦੇਸ਼ ਨਾਲ ਟਕਰਾਇਆ: ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਵਿੱਚ ਭਾਰੀ ਮੀਂਹ
- ਹਜ਼ਾਰਾਂ ਲੋਕ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ, 50 ਟਰੇਨਾਂ ਅਤੇ 21 ਉਡਾਣਾਂ ਰੱਦ
ਵਿਸ਼ਾਖਾਪਟਨਮ: ਚੱਕਰਵਾਤੀ ਤੂਫ਼ਾਨ ‘ਅਰਨਬ’ ਬੁੱਧਵਾਰ ਸਵੇਰੇ ਕਰੀਬ 3:30 ਵਜੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੱਟ ਨਾਲ ਟਕਰਾਇਆ। ਤੂਫ਼ਾਨ ਦੇ ਲੈਂਡਫਾਲ ਦੀ ਪ੍ਰਕਿਰਿਆ ਕਰੀਬ ਤਿੰਨ ਘੰਟੇ ਚੱਲੀ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਰਹੀ। ਤੂਫ਼ਾਨ ਦੇ ਪ੍ਰਭਾਵ ਕਾਰਨ ਆਂਧਰਾ ਪ੍ਰਦੇਸ਼ ਦੇ ਅਨਕਾਪੱਲੀ, ਵਿਸ਼ਾਖਾਪਟਨਮ, ਕਾਕੀਨਾਡਾ ਅਤੇ ਕੋਨਸੀਮਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ।
ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਤੂਫ਼ਾਨ ਦੇ ਖ਼ਤਰੇ ਨੂੰ ਦੇਖਦਿਆਂ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਕਰੀਬ 4,000 ਚੱਕਰਵਾਤ ਰਾਹਤ ਕੇਂਦਰ ਤਿਆਰ ਕੀਤੇ ਗਏ ਹਨ। ਦੋਵਾਂ ਸੂਬਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਰੇਲਵੇ ਨੇ ਸਾਵਧਾਨੀ ਵਜੋਂ 50 ਟਰੇਨਾਂ ਰੱਦ ਕਰ ਦਿੱਤੀਆਂ ਹਨ, ਜਦਕਿ ਵਿਜੇਵਾੜਾ ਅਤੇ ਵਿਸ਼ਾਖਾਪਟਨਮ ਹਵਾਈ ਅੱਡਿਆਂ ਤੋਂ 21 ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਓਡੀਸ਼ਾ ਦੇ 16 ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਓਡੀਸ਼ਾ ਵਿੱਚ ਮੰਗਲਵਾਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਦੇ ਮੱਦੇਨਜ਼ਰ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ।
ਕਈ ਸੂਬਿਆਂ ਵਿੱਚ ਮੀਂਹ ਦਾ ਅਲਰਟ
ਤੂਫ਼ਾਨ ਦਾ ਅਸਰ ਉੱਤਰ-ਪੂਰਬੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਮੀਂਹ ਪੈ ਸਕਦਾ ਹੈ। ਝਾਰਖੰਡ, ਵਿਦਰਭ ਅਤੇ ਤੇਲੰਗਾਨਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਬਿਹਾਰ, ਪੱਛਮੀ ਬੰਗਾਲ, ਪੂਰਬੀ ਮੱਧ ਪ੍ਰਦੇਸ਼, ਰਾਇਲਸੀਮਾ, ਕਰਨਾਟਕ, ਮਰਾਠਵਾੜਾ, ਮਹਾਰਾਸ਼ਟਰ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।