ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਸ਼ੋਅ ’ਚ 3 ਚੀਜ਼ਾਂ ’ਤੇ ਪਾਬੰਦੀ ਲਾਉਣ ਦੀ ਮੰਗ
ਨਵੀਂ ਦਿੱਲੀ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ (JLN) ਸਟੇਡੀਅਮ ਵਿੱਚ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਦੇ ਰਹਿਣ ਵਾਲੇ ਡਾ. ਪੰਡਿਤਰਾਓ ਧਰੇਨਵਰ ਨੇ ਦਿੱਲੀ ਪੁਲਿਸ ਦੇ ਦੱਖਣ-ਪੂਰਬੀ ਜ਼ਿਲ੍ਹੇ ਦੇ ਡੀਸੀਪੀ ਨੂੰ ਪੱਤਰ ਲਿਖ ਕੇ ਕੰਸਰਟ ਦੌਰਾਨ ਤਿੰਨ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਸ਼ਰਾਬ ਅਤੇ ਨਸ਼ਿਆਂ ਨਾਲ ਸਬੰਧਤ ਗੀਤ ਗਾਉਣ, ਬੱਚਿਆਂ ਨੂੰ ਸਟੇਜ ’ਤੇ ਬੁਲਾਉਣ ਅਤੇ ਛਾਤੀ ’ਤੇ ਚਾਂਦੀ ਰੰਗ ਦੀ ਨਕਲੀ ਕਾਰਤੂਸਾਂ ਵਾਲੀ ਬੈਲਟ ਪਹਿਨਣ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਹੈ।
ਨਸ਼ਿਆਂ ਨਾਲ ਸਬੰਧਤ ਗੀਤਾਂ ’ਤੇ ਰੋਕ ਦੀ ਮੰਗ
ਡਾ. ਪੰਡਿਤਰਾਓ ਨੇ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’ ਅਤੇ ‘ਜੀਬ ਵਿਚੋਂ ਫੀਮ ਲੱਭੀ ਆ’ ਵਰਗੇ ਗੀਤਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਕੰਸਰਟ ਦੌਰਾਨ ਗਾਉਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੀਤਾਂ ਦੇ ਬੋਲ ਬਦਲ ਕੇ ਗਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਬੱਚਿਆਂ ਨੂੰ ਸਟੇਜ ’ਤੇ ਨਾ ਬੁਲਾਉਣ ਦੀ ਅਪੀਲ
ਸ਼ਿਕਾਇਤਕਰਤਾ ਨੇ ਕੰਸਰਟ ਦੌਰਾਨ ਬੱਚਿਆਂ ਨੂੰ ਸਟੇਜ ’ਤੇ ਬੁਲਾਉਣ ’ਤੇ ਵੀ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ, ਸਮਾਗਮ ਵਿੱਚ ਤੇਜ਼ ਆਵਾਜ਼ ਅਤੇ ਚਮਕਦੀਆਂ ਲਾਈਟਾਂ ਬੱਚਿਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ 120 ਡੈਸੀਬਲ ਤੋਂ ਵੱਧ ਆਵਾਜ਼ ਅਤੇ 5 ਤੋਂ 30 ਹਰਟਜ਼ ਦੀ ਫਲੈਸ਼ਿੰਗ ਲਾਈਟਾਂ ਦਾ ਹਵਾਲਾ ਦਿੱਤਾ ਹੈ।
ਨਕਲੀ ਕਾਰਤੂਸਾਂ ਵਾਲੀ ਬੈਲਟ ’ਤੇ ਵੀ ਇਤਰਾਜ਼
ਡਾ. ਪੰਡਿਤਰਾਓ ਨੇ ਕੰਸਰਟ ਦੌਰਾਨ ਛਾਤੀ ’ਤੇ ਚਾਂਦੀ ਰੰਗ ਦੀ ਨਕਲੀ ਕਾਰਤੂਸਾਂ ਵਾਲੀ ਬੈਲਟ ਪਹਿਨਣ ’ਤੇ ਵੀ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਬੰਦੂਕ ਵਰਗੇ ਇਸ਼ਾਰੇ ਅਤੇ ਇਸ ਤਰ੍ਹਾਂ ਦੀਆਂ ਵਸਤਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦੇ ਸਕਦੀਆਂ ਹਨ।
ਹਾਈ ਕੋਰਟ ਦੇ ਹੁਕਮਾਂ ਦਾ ਦਿੱਤਾ ਹਵਾਲਾ
ਸ਼ਿਕਾਇਤ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2019 ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਰੋਕ ਲਾਉਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਵੀ ਜ਼ਿਕਰ ਕੀਤਾ ਗਿਆ ਹੈ। ਫਿਲਹਾਲ ਡਾ. ਪੰਡਿਤਰਾਓ ਨੇ ਦਿੱਲੀ ਪੁਲਿਸ ਨੂੰ ਇਨ੍ਹਾਂ ਮੰਗਾਂ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਉਨ੍ਹਾਂ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ, ਇਸ ਬਾਰੇ ਅਜੇ ਕੋਈ ਪੁਸ਼ਟੀਸ਼ੁਦਾ ਜਾਣਕਾਰੀ ਸਾਹਮਣੇ ਨਹੀਂ ਆਈ।