ਏਸ਼ੀਅਨ ਚੈਂਪੀਅਨਜ਼ ਟਰਾਫੀ: ਦੂਜੇ ਦਿਨ ਭਾਰਤ, ਜਾਪਾਨ ਤੇ ਮਲੇਸ਼ੀਆ ਨੇ ਦਰਜ ਕੀਤੀਆਂ ਜਿੱਤਾਂ
ਜਲੰਧਰ: ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਦੂਜੇ ਦਿਨ 29 ਅਕਤੂਬਰ ਨੂੰ ਤਿੰਨ ਰੋਮਾਂਚਕ ਮੁਕਾਬਲੇ ਖੇਡੇ ਗਏ। ਇਨ੍ਹਾਂ ਵਿੱਚ ਮੇਜ਼ਬਾਨ ਭਾਰਤ, ਜਾਪਾਨ ਅਤੇ ਮਲੇਸ਼ੀਆ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਭਾਰਤ ਨੇ ਚੀਨ ਨੂੰ 5-2, ਜਾਪਾਨ ਨੇ ਬੰਗਲਾਦੇਸ਼ ਨੂੰ 1-0 ਅਤੇ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ।
ਇਸ ਮੌਕੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮੁਕਾਬਲਾ ਦੇਖਿਆ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ। ਮੰਤਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਗਾਤਾਰ ਯਤਨਾਂ ਸਦਕਾ ਹੀ ਪੰਜਾਬ ਨੂੰ ਵੱਕਾਰੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੂੰ ਦੇਸ਼ ਵਿੱਚ ਹਾਕੀ ਦਾ ਗੜ੍ਹ ਦੱਸਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਭਾਰਤ ਨੇ ਚੀਨ ਨੂੰ 5-2 ਨਾਲ ਹਰਾਇਆ
ਭਾਰਤ ਅਤੇ ਚੀਨ ਵਿਚਾਲੇ ਖੇਡੇ ਗਏ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5-2 ਨਾਲ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 27ਵੇਂ ਅਤੇ 31ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਸੁਖਜੀਤ ਸਿੰਘ ਨੇ 12ਵੇਂ ਅਤੇ 34ਵੇਂ ਮਿੰਟ ਵਿੱਚ ਦੋ ਮੈਦਾਨੀ ਗੋਲ ਕੀਤੇ, ਜਦਕਿ ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਚੀਨ ਵੱਲੋਂ ਪੇਂਗ ਯਾਂਗ ਨੇ 26ਵੇਂ ਅਤੇ ਚੋਂਗਕੋਂਗ ਚੇਨ ਨੇ 36ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤੇ।
ਜਾਪਾਨ ਨੇ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ
ਦੂਜੇ ਮੁਕਾਬਲੇ ਵਿੱਚ ਜਾਪਾਨ ਨੇ ਸਖ਼ਤ ਟੱਕਰ ਤੋਂ ਬਾਅਦ ਬੰਗਲਾਦੇਸ਼ ਨੂੰ 1-0 ਨਾਲ ਮਾਤ ਦਿੱਤੀ। ਜਾਪਾਨ ਵੱਲੋਂ ਰਾਈਕੀ ਫੁਜੀਸ਼ਿਮਾ ਨੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਮੈਚ ਦਾ ਇਕਲੌਤਾ ਅਤੇ ਫੈਸਲਾਕੁੰਨ ਗੋਲ ਕੀਤਾ।
ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ
ਦਿਨ ਦੇ ਪਹਿਲੇ ਮੁਕਾਬਲੇ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਮਲੇਸ਼ੀਆ ਵੱਲੋਂ ਅਜ਼ੀਮੁਦੀਨ ਕਮਰੂਦੀਨ ਨੇ 10ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਦੱਖਣੀ ਕੋਰੀਆ ਨੇ 31ਵੇਂ ਮਿੰਟ ਵਿੱਚ ਸੋਂਗ ਹੇ-ਸੋਂਗ ਦੇ ਗੋਲ ਨਾਲ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ ਮਲੇਸ਼ੀਆ ਨੇ ਜ਼ੋਰਦਾਰ ਵਾਪਸੀ ਕੀਤੀ। ਮੁਹੰਮਦ ਅਖੀਮੁੱਲਾ ਅਨਵਰ ਐਸੁਕ ਨੇ 36ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਫੈਜ਼ਲ ਬਿਨ ਸਾਰੀ ਨੇ 50ਵੇਂ ਮਿੰਟ ਵਿੱਚ ਤੀਜਾ ਗੋਲ ਕਰਕੇ ਮਲੇਸ਼ੀਆ ਦੀ ਜਿੱਤ ਪੱਕੀ ਕਰ ਦਿੱਤੀ।