ਦਲਜੀਤ ਦੀ ਲਾਸ਼ ਨੂੰ ਧਰਨਾ ਸਥਾਨ ’ਤੇ ਲਿਜਾਣ ‘ਤੇ ਵਿਵਾਦ: ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ 4 ਦਿਨ ਦੇ ਪੁਲਿਸ ਰਿਮਾਂਡ ‘ਤੇ
ਮਾਨਸਾ: ਨੌਜਵਾਨ ਦਲਜੀਤ ਦੀ ਲਾਸ਼ ਨੂੰ ਧਰਨਾ ਸਥਾਨ ’ਤੇ ਲਿਜਾਣ ਨੂੰ ਲੈ ਕੇ ਹੋਏ ਵਿਵਾਦ ਦੇ ਮਾਮਲੇ ਵਿੱਚ ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਅਦਾਲਤ ਨੇ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੋਵਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਲਈ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ ਚਾਰ ਦਿਨ ਦਾ ਰਿਮਾਂਡ ਮਨਜ਼ੂਰ ਕੀਤਾ।
ਜ਼ਿਕਰਯੋਗ ਹੈ ਕਿ ਮਾਨਸਾ ਵਿੱਚ ਨੌਜਵਾਨ ਦਲਜੀਤ ਦੀ ਲਾਸ਼ ਨੂੰ ਇਨਸਾਫ਼ ਲਈ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਲਿਜਾਣ ਸਮੇਂ ਵਿਵਾਦ ਪੈਦਾ ਹੋ ਗਿਆ ਸੀ। ਇਸ ਦੌਰਾਨ ਪੁਲਿਸ ਅਤੇ ਲੋਕਾਂ ਵਿਚਕਾਰ ਟਕਰਾਅ ਹੋਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਇਸ ਘਟਨਾ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ।
ਮਾਨਸਾ ਪੁਲਿਸ ਨੇ ਇਸ ਮਾਮਲੇ ਵਿੱਚ ਕਰੀਬ 40 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ 14 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਲੱਖਾ ਸਿੰਘ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ ਅਤੇ ਭਾਨਾ ਸਿੱਧੂ ਦੇ ਨਾਂ ਵੀ ਸ਼ਾਮਲ ਹਨ। ਐੱਫਆਈਆਰ ਨੰਬਰ 198 ਤਹਿਤ ਇਨ੍ਹਾਂ 14 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਹੋਰ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਧਾਰਾ 107/151 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਹੈ।
ਮਾਮਲੇ ਵਿੱਚ ਨਾਮਜ਼ਦ 14 ਵਿਅਕਤੀ
ਮੋਹਨਜੀਤ ਸਿੰਘ ਸ਼ੇਰੋਂ
ਲੱਖਾ ਸਿੰਘ ਸਿਧਾਣਾ
ਭਾਨਾ ਸਿੱਧੂ
ਮੱਖਣ ਸਿੰਘ / ਦਰਸ਼ਨ ਸਿੰਘ
ਪਰਮਜੀਤ ਸਿੰਘ / ਠਾਕੁਰ ਸਿੰਘ
ਪਰਮਜੀਤ ਸਿੰਘ
ਸੁੱਖਾ ਸਿੰਘ
ਗੁਰਕੀਰਤਨ ਸਿੰਘ
ਗੁਰਤੇਜ਼ ਸਿੰਘ
ਅਵਤਾਰ ਸਿੰਘ
ਆਕਾਸ਼ਦੀਪ ਸਿੰਘ
ਹਰਬੰਸ ਸਿੰਘ
ਗੁਰਵੀਰ ਸਿੰਘ
ਗੁਰਗਗਨ ਸਿੰਘ ਉਰਫ਼ ਗੁਰੀ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।