ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ: ਮੈਟਰੋ ਸੇਵਾਵਾਂ ਅੱਧੀ ਰਾਤ ਤੱਕ ਰਹਿਣਗੀਆਂ ਜਾਰੀ
ਨਵੀਂ ਦਿੱਲੀ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਨੂੰ ਦੇਖਦਿਆਂ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਧੀ ਰਾਤ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਵਾਹਰ ਲਾਲ ਨਹਿਰੂ (ਜੇਐੱਲਐੱਨ) ਸਟੇਡੀਅਮ ਵਿੱਚ ਹੋਣ ਵਾਲੇ ਇਸ ਕੰਸਰਟ ਵਿੱਚ ਕਰੀਬ 70 ਹਜ਼ਾਰ ਪ੍ਰਸ਼ੰਸਕਾਂ ਦੇ ਪਹੁੰਚਣ ਦੀ ਉਮੀਦ ਹੈ। ਭੀੜ ਨੂੰ ਸੰਭਾਲਣ ਅਤੇ ਯਾਤਰੀਆਂ ਦੀ ਸਹੂਲਤ ਲਈ ਮੈਟਰੋ ਨੂੰ ਵਾਧੂ ਸਮੇਂ ਲਈ ਚਲਾਇਆ ਜਾਵੇਗਾ। ।
ਮੈਟਰੋ ਪ੍ਰਬੰਧਨ ਵੱਲੋਂ ਭੀੜ ਵਧਣ ਦੀ ਸਥਿਤੀ ਨਾਲ ਨਜਿੱਠਣ ਲਈ ਵਾਧੂ ਟ੍ਰੇਨਾਂ ਤਿਆਰ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰਮੁੱਖ ਮੈਟਰੋ ਸਟੇਸ਼ਨਾਂ ’ਤੇ ਵਾਧੂ ਸਟਾਫ਼ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਯਾਤਰੀਆਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਹੋ ਸਕੇ।
ਹਾਲਾਂਕਿ, ਮੈਟਰੋ ਸੇਵਾਵਾਂ ਦੇ ਸਮੇਂ ਵਿੱਚ ਇਹ ਵਾਧਾ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਲਾਗੂ ਨਹੀਂ ਹੋਵੇਗਾ। ਗੁਰੂਗ੍ਰਾਮ ਰੈਪਿਡ ਮੈਟਰੋ ਦੀਆਂ ਸੇਵਾਵਾਂ ਵੀ ਆਪਣੇ ਨਿਰਧਾਰਤ ਸਮੇਂ ਅਨੁਸਾਰ ਹੀ ਚੱਲਣਗੀਆਂ।
ਦਿਲਜੀਤ ਦੋਸਾਂਝ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਕੰਸਰਟ ਵਾਲੀ ਥਾਂ ’ਤੇ ਪਹੁੰਚਣ ਲਈ ਦਿੱਲੀ ਮੈਟਰੋ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਸੜਕਾਂ ’ਤੇ ਟ੍ਰੈਫਿਕ ਦਾ ਦਬਾਅ ਘੱਟ ਰਹੇ ਅਤੇ ਲੋਕ ਆਸਾਨੀ ਨਾਲ ਸਮਾਗਮ ਵਿੱਚ ਪਹੁੰਚ ਸਕਣ।