ਪਤਨੀ ਦਾ ਕਤਲ ਕਰਕੇ ਲਾਸ਼ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਪਤੀ ਨੂੰ ਉਮਰ ਕੈਦ
ਗੁਰਦਾਸਪੁਰ: ਘਰੇਲੂ ਝਗੜੇ ਤੋਂ ਬਾਅਦ ਪਤਨੀ ਦਾ ਕਤਲ ਕਰਕੇ ਘਰ ਦੇ ਵਿਹੜੇ ਵਿੱਚ ਹੀ ਉਸ ਦੀ ਲਾਸ਼ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਹ ਮਾਮਲਾ 16 ਫਰਵਰੀ 2023 ਨੂੰ ਥਾਣਾ ਦੀਨਾਨਗਰ ਵਿੱਚ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮ੍ਰਿਤਕਾ ਦੇ ਭਰਾ ਪ੍ਰੀਤਮ ਚੰਦ ਪੁੱਤਰ ਸੌਦਾਗਰ ਰਾਮ ਵਾਸੀ ਪਿੰਡ ਗੰਜਾ, ਥਾਣਾ ਦੋਰਾਂਗਲਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ।
ਪ੍ਰੀਤਮ ਚੰਦ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਭੈਣ ਮਹਿੰਦਰ ਉਰਫ਼ ਗੁੱਡੋ ਦਾ ਵਿਆਹ ਕਰੀਬ 35 ਸਾਲ ਪਹਿਲਾਂ ਸੰਸਾਰ ਚੰਦ ਪੁੱਤਰ ਫੱਗੂ ਰਾਮ ਵਾਸੀ ਪਿੰਡ ਪਨਿਆੜ ਨਾਲ ਹੋਇਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਦਾ ਜੀਜਾ ਅਕਸਰ ਹੀ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।
ਉਸ ਮੁਤਾਬਕ ਇੱਕ ਦਿਨ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਭਤੀਜਾ ਜਸਵਿੰਦਰ ਸਿੰਘ ਉਸ ਕੋਲ ਆਇਆ ਅਤੇ ਦੱਸਿਆ ਕਿ ਪਿੰਡ ਪਨਿਆੜ ਤੋਂ ਕਿਸੇ ਦਾ ਫੋਨ ਆਇਆ ਹੈ। ਫੋਨ ਕਰਨ ਵਾਲੇ ਨੇ ਦੱਸਿਆ ਸੀ ਕਿ ਰਾਤ ਸਮੇਂ ਉਸ ਦੀ ਭੈਣ ਦਾ ਪਤੀ ਨੇ ਕਤਲ ਕਰ ਦਿੱਤਾ ਅਤੇ ਘਰ ਵਿੱਚ ਹੀ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ।
ਸੂਚਨਾ ਮਿਲਣ ’ਤੇ ਥਾਣਾ ਦੀਨਾਨਗਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾਉਣ ਤੋਂ ਬਾਅਦ ਮਹਿੰਦਰ ਉਰਫ਼ ਗੁੱਡੋ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਸੰਸਾਰ ਚੰਦ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਅਦਾਲਤ ਨੇ ਉਸ ਨੂੰ ਆਖਰੀ ਸਾਹ ਤੱਕ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।