ਇਟਲੀ ਦੇ 40 ਤੋਂ ਵੱਧ ਸ਼ਹਿਰਾਂ ’ਚ ਹੜਤਾਲ, ਹਜ਼ਾਰਾਂ ਵਿਦਿਆਰਥੀ ਤੇ ਮਜ਼ਦੂਰ ਸੜਕਾਂ ’ਤੇ ਉਤਰੇ
- ਬਿਹਤਰ ਤਨਖ਼ਾਹਾਂ ਅਤੇ ਮਹਿੰਗਾਈ ਤੋਂ ਰਾਹਤ ਦੀ ਮੰਗ
- ਰੋਮ ਤੇ ਟਿਊਰਿਨ ’ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਵਾਟਰ ਕੈਨਨ ਦੀ ਵਰਤੋਂ ਕੀਤੀ
ਨਵੀਂ ਦਿੱਲੀ: ਇਟਲੀ ਵਿੱਚ ਟਰੇਡ ਯੂਨੀਅਨ USB ਵੱਲੋਂ ਸੱਦੀ ਗਈ 24 ਘੰਟਿਆਂ ਦੀ ਦੇਸ਼ਵਿਆਪੀ ਹੜਤਾਲ ਤਹਿਤ ਸ਼ੁੱਕਰਵਾਰ ਨੂੰ 40 ਤੋਂ ਵੱਧ ਸ਼ਹਿਰਾਂ ਵਿੱਚ ਹਜ਼ਾਰਾਂ ਵਿਦਿਆਰਥੀ, ਮਜ਼ਦੂਰ ਅਤੇ ਕਾਰਕੁਨ ਸੜਕਾਂ ’ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਬਿਹਤਰ ਤਨਖ਼ਾਹਾਂ, ਜਨਤਕ ਸੇਵਾਵਾਂ ਵਿੱਚ ਸੁਧਾਰ ਅਤੇ ਵਧਦੀ ਮਹਿੰਗਾਈ ਤੋਂ ਰਾਹਤ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਫ਼ੌਜੀ ਖ਼ਰਚੇ ਵਿੱਚ ਵਾਧੇ ਅਤੇ ਜੰਗ ਪ੍ਰਭਾਵਿਤ ਇਲਾਕਿਆਂ ਵਿੱਚ ਹਥਿਆਰ ਭੇਜਣ ਲਈ ਬੰਦਰਗਾਹਾਂ ਦੀ ਵਰਤੋਂ ਦਾ ਵੀ ਵਿਰੋਧ ਕੀਤਾ।
ਜ਼ਿਆਦਾਤਰ ਥਾਵਾਂ ’ਤੇ ਪ੍ਰਦਰਸ਼ਨ ਸ਼ਾਂਤੀਪੂਰਨ ਰਹੇ, ਪਰ ਕਈ ਸ਼ਹਿਰਾਂ ਵਿੱਚ ਤਣਾਅ ਦੀ ਸਥਿਤੀ ਬਣ ਗਈ। ਭੀੜ ਨੂੰ ਖਿੰਡਾਉਣ ਅਤੇ ਸੁਰੱਖਿਆ ਬੈਰੀਕੇਡ ਤੋੜਨ ਤੋਂ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਹ ਪ੍ਰਦਰਸ਼ਨ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈਆਂ ਹਿੰਸਕ ਝੜਪਾਂ ਤੋਂ ਕੁਝ ਹਫ਼ਤਿਆਂ ਬਾਅਦ ਹੋਏ ਹਨ। ਉਨ੍ਹਾਂ ਝੜਪਾਂ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਟੱਕਰ ਹੋਈ ਸੀ ਅਤੇ ਦੁਕਾਨਾਂ ਵਿੱਚ ਲੁੱਟਮਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ।
ਟਿਊਰਿਨ ਤੇ ਰੋਮ ’ਚ ਪੁਲਿਸ ਨਾਲ ਤਣਾਅ
ਟਿਊਰਿਨ ਵਿੱਚ ਵਿਦਿਆਰਥੀਆਂ ਅਤੇ ਖੱਬੇਪੱਖੀ ਕਾਰਕੁਨਾਂ ਨੂੰ ਪ੍ਰੀਫੈਕਚਰ ਇਮਾਰਤ ਦੇ ਆਲੇ-ਦੁਆਲੇ ਲਗਾਏ ਸੁਰੱਖਿਆ ਬੈਰੀਕੇਡਾਂ ਵੱਲ ਵਧਣ ਤੋਂ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਰਾਜਧਾਨੀ ਰੋਮ ਵਿੱਚ ਪ੍ਰਦਰਸ਼ਨਕਾਰੀਆਂ ਦਾ ਵੱਡਾ ਜਲੂਸ ਕੋਲੋਸੀਅਮ ਨੇੜਿਓਂ ਲੰਘਿਆ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਉਹ ਹਫ਼ਤੇ ਦੇ ਅੰਤ ਤੱਕ ਵੀ ਉੱਥੇ ਟੈਂਟ ਲਗਾ ਕੇ ਆਪਣਾ ਵਿਰੋਧ ਜਾਰੀ ਰੱਖਣਗੇ। ਕੁਝ ਲੋਕਾਂ ਨੇ ਸੜਕਾਂ ’ਤੇ ਕੂੜੇਦਾਨ ਰੱਖ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਸ਼ਾਮ ਨੂੰ ਜਦੋਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਣਾਅ ਹੋਰ ਵਧ ਗਿਆ। ਇਤਾਲਵੀ ਸਮਾਚਾਰ ਏਜੰਸੀ ਮੁਤਾਬਕ, ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।
ਜੇਨੋਆ ਬੰਦਰਗਾਹ ’ਤੇ 15 ਹਜ਼ਾਰ ਲੋਕਾਂ ਦਾ ਪ੍ਰਦਰਸ਼ਨ
ਜੇਨੋਆ ਦੇ ਬੰਦਰਗਾਹੀ ਸ਼ਹਿਰ ਵਿੱਚ ਵੀ ਵੱਡਾ ਪ੍ਰਦਰਸ਼ਨ ਹੋਇਆ, ਜਿੱਥੇ ਲਗਭਗ 15 ਹਜ਼ਾਰ ਬੰਦਰਗਾਹ ਕਰਮਚਾਰੀ, ਵਿਦਿਆਰਥੀ ਅਤੇ ਹੋਰ ਪ੍ਰਦਰਸ਼ਨਕਾਰੀ ਬੰਦਰਗਾਹ ਖੇਤਰ ਵਿੱਚ ਦਾਖ਼ਲ ਹੋ ਗਏ। ਇਹ ਵਿਰੋਧ ਯੂਰਪ ਅਤੇ ਹੋਰ ਖੇਤਰਾਂ ਵਿੱਚ ਚੱਲ ਰਹੇ ਵਿਆਪਕ ਅੰਦੋਲਨ ਦਾ ਹਿੱਸਾ ਸੀ। ਪ੍ਰਦਰਸ਼ਨਕਾਰੀ ਜੰਗ ਪ੍ਰਭਾਵਿਤ ਇਲਾਕਿਆਂ ਵਿੱਚ ਹਥਿਆਰਾਂ ਦੀਆਂ ਖੇਪਾਂ ਭੇਜਣ ਲਈ ਵਪਾਰਕ ਬੰਦਰਗਾਹਾਂ ਦੀ ਵਰਤੋਂ ਦਾ ਵਿਰੋਧ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਨੇ ਖਾੜੀ ਖੇਤਰ ਤੋਂ ਲੈ ਕੇ ਕਾਲੇ ਸਾਗਰ ਤੱਕ ਚੱਲ ਰਹੇ ਸੰਘਰਸ਼ਾਂ ਵਿੱਚ ਫਸੇ ਮਲਾਹਾਂ ਦੀਆਂ ਮੌਤਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੀਆਂ ਮੰਗਾਂ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ, ਜਨਤਕ ਸੇਵਾਵਾਂ ਵਿੱਚ ਸੁਧਾਰ ਅਤੇ ਜੰਗੀ ਨੀਤੀਆਂ ਦਾ ਵਿਰੋਧ ਮੁੱਖ ਤੌਰ ’ਤੇ ਸ਼ਾਮਲ ਰਿਹਾ।