Panchkula; ਸਰਕਾਰੀ ਸਕੂਲ ‘ਚ ਬੱਚੀ ਨਾਲ ਘਟਨਾ, ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ, ਪ੍ਰਿੰਸੀਪਲ ਮੁਅੱਤਲ
ਦੋ ਅਧਿਆਪਕਾਵਾਂ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਨੀਲੂ ਕਤਿਆਲ ਮੁਅੱਤਲ
ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਲਿਆ ਸੀ ਨੋਟਿਸ
ਸਰਕਾਰੀ ਸਕੂਲ ਵਿੱਚ ਪੰਜ ਸਾਲਾ ਬੱਚੀ ਨਾਲ ਵਾਪਰੀ ਘਟਨਾ ਦੇ ਮਾਮਲੇ ਵਿੱਚ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਦੋ ਅਧਿਆਪਕਾਵਾਂ ਨੂੰ ਮੁਅੱਤਲ ਕਰਨ ਤੋਂ ਇੱਕ ਦਿਨ ਬਾਅਦ ਹੁਣ ਸਕੂਲ ਦੀ ਪ੍ਰਿੰਸੀਪਲ ਨੀਲੂ ਕਤਿਆਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਬਾਲ ਵਾਟਿਕਾ ਵਿੱਚ ਪੜ੍ਹਨ ਵਾਲੀ ਪੰਜ ਸਾਲਾ ਬੱਚੀ ਨਾਲ ਤੀਜੀ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਕਥਿਤ ਤੌਰ ‘ਤੇ ਹਿੰਸਕ ਹਰਕਤ ਕੀਤੀ ਗਈ ਸੀ। ਦੱਸਿਆ ਗਿਆ ਕਿ ਵਿਦਿਆਰਥੀ ਬੱਚੀ ਨੂੰ ਵਰਗਲਾ ਕੇ ਸਕੂਲ ਦੀ ਪਹਿਲੀ ਮੰਜ਼ਿਲ ‘ਤੇ ਬਣੇ ਖਾਲੀ ਕਮਰੇ ਵਿੱਚ ਲੈ ਗਿਆ ਸੀ। ਇਸ ਘਟਨਾ ਤੋਂ ਬਾਅਦ ਸਕੂਲ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋਏ ਸਨ।
ਮਾਮਲੇ ਦਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਲਲਿਤ ਬੱਤਰਾ ਨੇ ਵੀ ਨੋਟਿਸ ਲਿਆ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਪ੍ਰਣਾਲੀ ਦੀ ਖਾਮੀ ਨਾਲ ਜੋੜਦਿਆਂ ਮਾਮਲੇ ਦੀ ਗੰਭੀਰਤਾ ‘ਤੇ ਸਵਾਲ ਉਠਾਏ ਸਨ।
ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ
ਹਰਿਆਣਾ ਸਰਕਾਰ ਦੇ ਸੈਕੰਡਰੀ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਪ੍ਰਿੰਸੀਪਲ ਨੀਲੂ ਕਤਿਆਲ ਨੂੰ ਹਰਿਆਣਾ ਸਿਵਲ ਸਰਵਿਸਿਜ਼ (ਪਨਿਸ਼ਮੈਂਟ ਐਂਡ ਅਪੀਲ) ਰੂਲਜ਼, 2016 ਦੇ ਨਿਯਮ 5 ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਹਰਿਆਣਾ ਸਿਵਲ ਸਰਵਿਸਿਜ਼ (ਜਨਰਲ) ਰੂਲਜ਼, 2016 ਦੇ ਨਿਯਮ 83 ਤਹਿਤ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ। ਹੁਕਮਾਂ ਮੁਤਾਬਕ ਉਨ੍ਹਾਂ ਦਾ ਮੁੱਖ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਅੰਬਾਲਾ ਦਾ ਦਫ਼ਤਰ ਨਿਰਧਾਰਤ ਕੀਤਾ ਗਿਆ ਹੈ। ਉਹ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਤੋਂ ਬਿਨਾਂ ਮੁੱਖ ਦਫ਼ਤਰ ਨਹੀਂ ਛੱਡ ਸਕਣਗੇ।
ਇਹ ਹੁਕਮ ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ ਵੱਲੋਂ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਬੱਚੀ ਨਾਲ ਵਾਪਰੀ ਘਟਨਾ ਤੋਂ ਬਾਅਦ ਸਿੱਖਿਆ ਵਿਭਾਗ ਨੇ ਹੁਣ ਤੱਕ ਦੋ ਅਧਿਆਪਕਾਵਾਂ ਅਤੇ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਮੁਅੱਤਲੀ ਦੀ ਕਾਰਵਾਈ ਕੀਤੀ ਹੈ।