AAP ਤੋਂ ਮੁਅੱਤਲੀ ਮਗਰੋਂ ਹੁਣ ਵਿਧਾਨ ਸਭਾ ਤੋਂ ਵੀ ਅਸਤੀਫ਼ਾ, ਕੁੰਵਰ ਵਿਜੈ ਪ੍ਰਤਾਪ ਦਾ ਅਗਲਾ ਕਦਮ ਕੀ?
Kunwar Vijay Pratap Resignation; ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ ਦਿੱਤਾ ਵਿਧਾਇਕ ਅਹੁਦੇ ਤੋਂ ਅਸਤੀਫਾ। ਕੁੰਵਰ ਵਿਜੈ ਪ੍ਰਤਾਪ ਨੇ ਖੁਦ ਅਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਸ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ‘ਆਪ’ ਨੇ ਵਿਜੈ ਪ੍ਰਤਾਪ ਸਿੰਘ ਨੂੰ ‘ਪਾਰਟੀ ਵਿਰੋਧੀ ਗਤੀਵਿਧੀਆਂ’ ਕਾਰਨ 5 ਸਾਲ ਲਈ ਮੁਅੱਤਲ ਕੀਤਾ ਸੀ। ਇਸ ਤੋਂ ਇਲਾਵਾ, ਅੰਮ੍ਰਿਤਸਰ ਉੱਤਰੀ ਤੋਂ ਅਜੇ ਆਮ ਆਦਮੀ ਪਾਰਟੀ ਨੇ ਕਿਸੇ ਵੀ ਉਮੀਦਵਾਰ ਦਾ ਐਲਾਨ ਅਜੇ ਜਾਰੀ ਕੀਤੀ 40 ਉਮੀਦਵਾਰਾਂ ਦੀ ਸੂਚੀ ਵਿੱਚ ਨਹੀਂ ਕੀਤਾ ਹੈ।
ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੀ ਲਿਖਿਆ?
ਬਹੁਤ ਹੀ ਸਤਿਕਾਰਯੋਗ ਅੰਮ੍ਰਿਤਸਰ ਦੇ ਮੇਰੇ ਭੈਣ-ਭਰਾਵੋਂ, ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਮੈਂ ਇਸਤੀਫ਼ਾ ਦੇ ਦਿੱਤਾ ਹੈ। ਮੈਂ ਤੁਹਾਡੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਵਾਸਤੇ ਆਖ਼ਿਰੀ ਸਾਹ ਤੱਕ ਰਿਣੀ ਰਹਾਂਗਾ। ਤੁਹਾਡੇ ਸਹਿਯੋਗ ਅਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਗਲੀ-ਨਾਲੀ ਅਤੇ ਰਿਬਨ-ਕਟਿੰਗ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਜਕੜੇ ਪੰਜਾਬ ਨੂੰ ਮੁੜ ਉੱਨਤਸ਼ੀਲ ਅਤੇ ਮੋਹਰੀ ਸੂਬਾ ਬਣਾਉਣ ਲਈ ਅਸੀਂ ਸਾਰਿਆਂ ਨੇ ਮਿਲ਼ ਕੇ ਇਕਜੁਟ ਪ੍ਰਯਾਸ ਕਰਨਾ ਹੈ। ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਤੌਰ ਵਿਧਾਇਕ ਆਪਣਾ 90 ਪਰਸੈਂਟ ਟਾਰਗੇਟ ਪੂਰਾ ਕਰ ਲਿਆ ਹੈ; ਜੋ ਕੰਮ ਇੱਕ ਵਿਧਾਇਕ ਨੇ ਕਰਨਾ ਹੁੰਦਾ ਹੈ। ਕੌਂਸਲਰ, ਮੇਅਰ ਅਤੇ ਸਾਂਸਦ ਦੇ ਕੰਮ ਇਸਤੋਂ ਇਲਾਵਾ ਹਨ। ਮੈਂ ਇਲਾਕਾ ਵਾਰ ਆਪਣੇ ਵੱਲੋਂ ਕਰਾਏ ਕੰਮਾਂ ਦਾ ਵੇਰਵਾ ਵੀ ਦਿੱਤਾ ਹੈ ਜੋ ਅਖ਼ਬਾਰ ਅਤੇ ਮੇਰੇ ਫੇਸਬੁੱਕ ਪੇਜ ਤੇ ਮੌਜੂਦ ਹੈ। ਮੇਰੀ ਸੱਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੈਂ ਰਾਜਨੀਤੀ ਤੋਂ ਮਾਈ-ਬਾਪ ਕਲਚਰ ਨੂੰ ਖਤਮ ਕੀਤਾ ਅਤੇ ਇੱਕ ਜਨਤਾ ਨੂੰ ਆਪਣਾ ਪ੍ਰੇਰਣਾ-ਸਰੋਤ ਸਮਝ ਕੇ ਕੰਮ ਕੀਤਾ। ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਹਮੇਸ਼ਾ ਅੰਬਰਸਰੀਆਂ ਦੀ ਆਵਾਜ ਬੁਲੰਦ ਕੀਤੀ ਅਤੇ ਪਾਣੀ ਸੀਵਰੇਜ ਤੋਂ ਲੈ ਕੇ ਸਰਕਟ ਹਾਊਸ, ਕੰਪਨੀ ਬਾਗ, ਗੰਦਾ ਨਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਸਰੂਪ ਰਾਣੀ ਕਾਲਜ ਅਤੇ ਬਰਗਾੜੀ ਬੇਅਦਬੀ ਦੇ ਮੁੱਦੇ ਬੇਬਾਕੀ ਨਾਲ ਰੱਖੇ। ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗਲੀ ਅਤੇ ਮੁਹੱਲਾ ਦਾ ਨਾਂ ਲੈ ਕੇ ਇਲਾਕੇ ਵਾਰ ਮੁੱਦੇ ਮੇਰੇ ਵਲੋਂ ਉਠਾਏ ਗਏ। ਤੁਹਾਡੇ ਨਾਲ ਮਿਲਕੇ ਅੱਗੇ ਦੀ ਸਟ੍ਰੈਟਜੀ ਬਣਾਕੇ ਇੱਕ ਸਾਫ਼-ਸੁਥਰੀ ਰਾਜਨੀਤੀ ਅਤੇ ਸਵੱਛ ਪ੍ਰਸ਼ਾਸਨ ਸੁਨਿਸ਼ਚਿਤ ਕਰਨਾ ਮੇਰਾ ਉਦੇਸ ਹੋਵੇਗਾ। ਮੇਰਾ ਇਕੋ-ਇਕ ਮਕਸਦ ਹੈ “ਪੰਜਾਬ ਫਸਟ”। ਇਸ ਤੋਂ ਇਲਾਵਾ, ਮੇਰਾ ਕੋਈ ਨਿੱਜੀ ਸਵਾਰਥ ਨਹੀਂ ਹੋਵੇਗਾ। ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ… ਕੁੰਵਰ ਵਿਜੈ ਪ੍ਰਤਾਪ ਸਿੰਘ
ਜ਼ਿਕਰਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਦੇਖਦੇ ਹੋਏ ਆਪਣੀ ਸਰਕਾਰੀ ਪਦ ਤੋਂ ਅਸਤੀਫਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਪਾਰਟੀ ਵਲੋਂ ਟਿਕਟ ਵੀ ਦਿੱਤੀ ਗਈ ਅਤੇ ਕੁੰਵਰ ਨੇ ਚੋਣਾਂ ਜਿੱਤੀਆਂ ਅਤੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਬਣੇ। ਹਾਲਾਂਕਿ, ਕੁੱਝ ਸਮੇਂ ਬਾਅਦ ਕੁੰਵਰ ਵਿਜੈ ਪ੍ਰਤਾਪ ਵਲੋਂ ਅਪਣੀ ਹੀ ਪਾਰਟੀ ਉੱਤੇ ਸਵਾਲ ਖੜੇ ਕੀਤਾ ਜਾਣ ਲੱਗੇ। ਜਿਸ ਕਾਰਨ ਸਾਲ 2025 ਵਿੱਚ ਵਿਜੈ ਪ੍ਰਤਾਪ ਸਿੰਘ ਨੂੰ ਪਾਰਚੀ ਚੋਂ ਮੁੱਅਤਲ ਕਰ ਦਿੱਤਾ ਸੀ।