UK ‘ਚ 2 ਪੰਜਾਬੀ ਨੌਜਵਾਨਾਂ ਨੂੰ 28 ਸਾਲ ਦੀ ਕੈਦ, ਮਾਂ-ਧੀ ਨੂੰ ਕੁਚਲਣ ਦੇ ਦੋਸ਼ ‘ਚ ਹੋਈ ਸਖ਼ਤ ਸਜ਼ਾ
UK Punjabi Youths Jailed; ਯੂਨਾਈਟਿਡ ਕਿੰਗਡਮ (UK) ਵਿੱਚ ਤੇਜ਼ ਰਫ਼ਤਾਰ ਕਾਰਾਂ ਨਾਲ ਰੇਸ ਲਗਾਉਣ ਦੇ ਚੱਕਰ ਵਿੱਚ ਇੱਕ ਮਾਂ ਅਤੇ ਉਸ ਦੀ 4 ਸਾਲਾ ਧੀ ਦੀ ਜਾਨ ਲੈਣ ਵਾਲੇ ਦੋ ਪੰਜਾਬੀ ਨੌਜਵਾਨਾਂ ਨੂੰ ਅਦਾਲਤ ਨੇ ਕੁੱਲ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਵੇਂ ਨੌਜਵਾਨ ਆਪਣੀਆਂ Audi ਅਤੇ BMW ਕਾਰਾਂ ਨਾਲ ਰੇਸ ਲਗਾ ਰਹੇ ਸਨ। ਇਸੇ ਦੌਰਾਨ ਇੱਕ ਕਾਰ ਬੇਕਾਬੂ ਹੋ ਕੇ ਸਕੂਲ ਜਾ ਰਹੀ ਮਾਂ ਅਤੇ ਉਸ ਦੀ ਧੀ ਨੂੰ ਕੁਚਲਦੀ ਹੋਈ ਕਾਰ ਡੀਲਰਸ਼ਿਪ ਦੀ ਕੰਧ ਨਾਲ ਜਾ ਟਕਰਾਈ ਸੀ। ਇਸ ਹਾਦਸੇ ਵਿੱਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਲੀਡਜ਼ ਕ੍ਰਾਊਨ ਕੋਰਟ ਨੇ ਦੋ ਸਾਲ ਚੱਲੇ ਮੁਕੱਦਮੇ ਤੋਂ ਬਾਅਦ ਹਰਦੀਪ ਭੱਚੂ (29) ਨੂੰ 12 ਸਾਲ ਅਤੇ ਜਸਕਮਲ ਰਿਆਤ (37) ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਵਾਂ ਦੇ ਡਰਾਈਵਿੰਗ ਲਾਇਸੈਂਸ ‘ਤੇ 6-6 ਸਾਲ ਦੀ ਪਾਬੰਦੀ ਵੀ ਲਗਾਈ ਗਈ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਲਾਇਸੈਂਸ ਹਾਸਲ ਕਰਨ ਲਈ ਸਖ਼ਤ ਐਕਸਟੈਂਡਡ ਡਰਾਈਵਿੰਗ ਟੈਸਟ ਪਾਸ ਕਰਨਾ ਪਵੇਗਾ।
16 ਜਨਵਰੀ 2023 ਨੂੰ ਵਾਪਰਿਆ ਸੀ ਹਾਦਸਾ
ਵੈਸਟ ਯੌਰਕਸ਼ਾਇਰ ਪੁਲਿਸ ਮੁਤਾਬਕ ਇਹ ਹਾਦਸਾ 16 ਜਨਵਰੀ 2023 ਦੀ ਸਵੇਰ ਕਰੀਬ 8:30 ਵਜੇ ਵਾਪਰਿਆ ਸੀ। 27 ਸਾਲਾ ਪੋਲਿਸ਼ ਮਹਿਲਾ ਜੁਸਟੀਨਾ ਹਲਬੋਏ ਆਪਣੀ 4 ਸਾਲਾ ਧੀ ਲੀਨਾ ਚੇਪਚੋਰ ਨੂੰ ਪੈਦਲ ਸਕੂਲ ਛੱਡਣ ਜਾ ਰਹੀ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ Audi ਕਾਰ ਚਲਾ ਰਿਹਾ ਹਰਦੀਪ ਭੱਚੂ ਗੱਡੀ ਤੋਂ ਕੰਟਰੋਲ ਗੁਆ ਬੈਠਾ।
ਕਾਰ ਨੇ ਸੜਕ ਕਿਨਾਰੇ ਪੈਦਲ ਜਾ ਰਹੀ ਮਾਂ-ਧੀ ਨੂੰ ਕੁਚਲ ਦਿੱਤਾ ਅਤੇ ਅੱਗੇ ਜਾ ਕੇ ਵਰਟੂ ਜੈਗੁਆਰ ਕਾਰ ਡੀਲਰਸ਼ਿਪ ਦੀ ਕੰਧ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਾਂ ਅਤੇ ਧੀ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
560 ਹਾਰਸ ਪਾਵਰ ਦੀ ਸ਼ੇਖੀ ਮਾਰ ਰਿਹਾ ਸੀ ਹਰਦੀਪ
ਪੁਲਿਸ ਦੀ ਜਾਂਚ ਅਤੇ ਡੈਸ਼ਕੈਮ ਫੁਟੇਜ ਤੋਂ ਖੁਲਾਸਾ ਹੋਇਆ ਕਿ ਦੋਵੇਂ ਨੌਜਵਾਨ ਹਾਦਸੇ ਤੋਂ ਪਹਿਲਾਂ ਆਪਣੀਆਂ ਲਗਜ਼ਰੀ ਕਾਰਾਂ ਨਾਲ ਰੇਸ ਲਗਾ ਰਹੇ ਸਨ। ਹਰਦੀਪ ਭੱਚੂ ਦੀ Audi ਕਾਰ ਦੇ ਡੈਸ਼ਕੈਮ ਵਿੱਚ ਦੋਵਾਂ ਦੀ ਗੱਲਬਾਤ ਵੀ ਰਿਕਾਰਡ ਹੋਈ ਸੀ।
ਟ੍ਰੈਫਿਕ ਸਿਗਨਲ ‘ਤੇ ਰੁਕਣ ਦੌਰਾਨ ਹਰਦੀਪ ਆਪਣੀ ਕਾਰ ਦੀ ਤਾਕਤ ਬਾਰੇ ਸ਼ੇਖੀ ਮਾਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੀ Audi ਵਿੱਚ 560 ਹਾਰਸ ਪਾਵਰ ਦਾ ਇੰਜਣ ਹੈ ਅਤੇ ਉਹ ਕਾਰ ਨੂੰ ਸਿਰਫ਼ 25 ਫ਼ੀਸਦੀ ਐਕਸੀਲੇਟਰ ‘ਤੇ ਚਲਾ ਰਿਹਾ ਹੈ।
ਹਾਦਸੇ ਤੋਂ ਬਾਅਦ ਜਸਕਮਲ ਰਿਆਤ ਆਪਣੀ BMW 135i ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸੇ ਸ਼ਾਮ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ CCTV ਅਤੇ ਡੈਸ਼ਕੈਮ ਫੁਟੇਜ ਨੇ ਉਸ ਦੀ ਸ਼ਮੂਲੀਅਤ ਸਾਬਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਇੱਕ ਨੇ ਗੁਨਾਹ ਕਬੂਲਿਆ, ਦੂਜੇ ਨੂੰ ਮੁਕੱਦਮੇ ਤੋਂ ਬਾਅਦ ਸਜ਼ਾ
ਅਦਾਲਤੀ ਕਾਰਵਾਈ ਦੌਰਾਨ ਹਰਦੀਪ ਭੱਚੂ ਨੇ ਜੂਨ 2024 ਵਿੱਚ ਹੀ ਖ਼ਤਰਨਾਕ ਡਰਾਈਵਿੰਗ ਕਾਰਨ ਦੋ ਲੋਕਾਂ ਦੀ ਮੌਤ ਦਾ ਗੁਨਾਹ ਕਬੂਲ ਕਰ ਲਿਆ ਸੀ। ਦੂਜੇ ਪਾਸੇ, ਜਸਕਮਲ ਰਿਆਤ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਲੰਬੇ ਮੁਕੱਦਮੇ ਤੋਂ ਬਾਅਦ ਅਦਾਲਤ ਨੇ ਉਸ ਨੂੰ ਵੀ ਦੋਸ਼ੀ ਕਰਾਰ ਦਿੱਤਾ।
UK ਦੇ ਕਾਨੂੰਨ ਮੁਤਾਬਕ ਦੋਵਾਂ ਨੂੰ ਆਪਣੀ ਸਜ਼ਾ ਦਾ ਘੱਟੋ-ਘੱਟ ਦੋ-ਤਿਹਾਈ ਹਿੱਸਾ ਜੇਲ੍ਹ ਵਿੱਚ ਕੱਟਣਾ ਪਵੇਗਾ। ਇਸ ਤੋਂ ਬਾਅਦ ਹੀ ਉਹ ਪੈਰੋਲ ‘ਤੇ ਰਿਹਾਈ ਲਈ ਯੋਗ ਹੋ ਸਕਣਗੇ।
ਧੀ ਅਤੇ ਮੰਗੇਤਰ ਨੂੰ ਗੁਆਉਣ ਵਾਲੇ ਪਿਤਾ ਦਾ ਦਰਦ
ਇਸ ਹਾਦਸੇ ਵਿੱਚ ਆਪਣੀ ਮੰਗੇਤਰ ਜੁਸਟੀਨਾ ਅਤੇ 4 ਸਾਲਾ ਧੀ ਲੀਨਾ ਨੂੰ ਗੁਆਉਣ ਵਾਲੇ ਪਿਤਾ ਨੇ ਅਦਾਲਤ ਵਿੱਚ ਆਪਣਾ ਦਰਦ ਬਿਆਨ ਕੀਤਾ। ਉਸ ਨੇ ਕਿਹਾ ਕਿ 16 ਜਨਵਰੀ 2023 ਤੋਂ ਪਹਿਲਾਂ ਉਸ ਦੀ ਜ਼ਿੰਦਗੀ ਬਹੁਤ ਖ਼ੁਸ਼ਹਾਲ ਸੀ। ਉਸ ਕੋਲ ਚੰਗੀ ਨੌਕਰੀ, ਪਿਆਰੀ ਮੰਗੇਤਰ ਅਤੇ ਇੱਕ ਸੋਹਣੀ ਧੀ ਸੀ।
ਉਸ ਨੇ ਦੱਸਿਆ ਕਿ ਹਾਦਸੇ ਵਾਲੀ ਸਵੇਰ ਉਸ ਨੇ ਦੋਵਾਂ ਨੂੰ ‘ਆਈ ਲਵ ਯੂ’ ਕਹਿ ਕੇ ਵਿਦਾ ਕੀਤਾ ਸੀ। ਉਸ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਹ ਉਨ੍ਹਾਂ ਨਾਲ ਉਸ ਦੀ ਆਖ਼ਰੀ ਮੁਲਾਕਾਤ ਹੋਵੇਗੀ। ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੀ ਪੂਰੀ ਦੁਨੀਆ ਉੱਜੜ ਗਈ।
ਪੁਲਿਸ ਨੇ ਦੋਵਾਂ ਦੀ ਲਾਪਰਵਾਹੀ ਨੂੰ ਦੱਸਿਆ ਜ਼ਿੰਮੇਵਾਰ
ਮਾਮਲੇ ਦੀ ਜਾਂਚ ਕਰਨ ਵਾਲੇ ਵੈਸਟ ਯੌਰਕਸ਼ਾਇਰ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਪਾਲ ਕੋਨਰੋਏ ਨੇ ਕਿਹਾ ਕਿ ਇਹ ਬੇਹੱਦ ਭਿਆਨਕ ਹਾਦਸਾ ਸੀ। ਦੋਵਾਂ ਨੌਜਵਾਨਾਂ ਦੀ ਸੁਆਰਥੀ ਅਤੇ ਲਾਪਰਵਾਹ ਡਰਾਈਵਿੰਗ ਕਾਰਨ ਦੋ ਕੀਮਤੀ ਜਾਨਾਂ ਚਲੀਆਂ ਗਈਆਂ।
ਉਨ੍ਹਾਂ ਮੁਤਾਬਕ ਦੋਵੇਂ ਇੱਕ-ਦੂਜੇ ਨੂੰ ਪਹਿਲਾਂ ਤੋਂ ਨਹੀਂ ਜਾਣਦੇ ਸਨ। ਉਹ ਸਿਰਫ਼ ਵਿਅਸਤ ਸੜਕ ‘ਤੇ ਆਪਣੀਆਂ ਤੇਜ਼ ਰਫ਼ਤਾਰ ਕਾਰਾਂ ਦਾ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਸਕਮਲ ਨੇ ਹਾਦਸਾ ਆਪਣੀਆਂ ਅੱਖਾਂ ਨਾਲ ਦੇਖਿਆ, ਪਰ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਭੱਜ ਗਿਆ। ਹਾਲਾਂਕਿ ਬਾਅਦ ਵਿੱਚ CCTV ਅਤੇ ਡੈਸ਼ਕੈਮ ਫੁਟੇਜ ਦੀ ਮਦਦ ਨਾਲ ਉਸ ਦੀ ਸ਼ਮੂਲੀਅਤ ਸਾਬਤ ਹੋ ਗਈ।