ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਸਿੱਖ ਨੌਜਵਾਨ ਨਾਲ ਕੁੱਟਮਾਰ, ਕੇਸਾਂ ਦੀ ਬੇਅਦਬੀ
ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇੱਕ 17 ਸਾਲਾ ਸਿੱਖ ਵਿਦਿਆਰਥੀ ਨਾਲ ਕੁੱਟਮਾਰ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਸ਼ਾਮ ਨੂੰ ਕੋਤਵਾਲੀ ਥਾਣਾ ਖੇਤਰ ਦੀ ਰਾਜਘਾਟ ਪੁਲਿਸ ਚੌਕੀ ਨੇੜੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਵਾਪਰੀ। ਵਿਦਿਆਰਥੀ 11ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਕੋਚਿੰਗ ਤੋਂ ਘਰ ਪਰਤ ਰਿਹਾ ਸੀ।
ਜਾਣਕਾਰੀ ਮੁਤਾਬਕ ਤਿੰਨ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਨੌਜਵਾਨਾਂ ਵੱਲੋਂ ਉਸ ਦੇ ਵਾਲ ਖਿੱਚੇ ਗਏ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਨੌਜਵਾਨ ਵਿਦਿਆਰਥੀ ਨੂੰ ਕੁੱਟਦੇ ਅਤੇ ਉਸ ਦੇ ਵਾਲ ਖਿੱਚਦੇ ਦਿਖਾਈ ਦੇ ਰਹੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਸਮੇਂ ਮੌਕੇ ’ਤੇ ਕਈ ਰਾਹਗੀਰ ਮੌਜੂਦ ਸਨ, ਪਰ ਵੀਡੀਓ ਵਿੱਚ ਕਿਸੇ ਵੱਲੋਂ ਵੀ ਵਿਦਿਆਰਥੀ ਦੀ ਮਦਦ ਲਈ ਅੱਗੇ ਆਉਂਦਾ ਦਿਖਾਈ ਨਹੀਂ ਦਿੰਦਾ। ਪੁਲਿਸ ਨੇ ਮੰਗਲਵਾਰ ਨੂੰ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਪਰਮਜੀਤ ਸਿੰਘ ਸਰਨਾ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਇਸ ਘਟਨਾ ’ਤੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਹਜਹਾਂਪੁਰ ਵਿੱਚ ਸਿੱਖ ਨੌਜਵਾਨ ਨਾਲ ਜੋ ਕੁਝ ਹੋਇਆ, ਉਹ ਬੇਹੱਦ ਗਲਤ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸਰਨਾ ਨੇ ਇਹ ਵੀ ਸਵਾਲ ਉਠਾਇਆ ਕਿ ਘਟਨਾ ਸਮੇਂ ਆਲੇ-ਦੁਆਲੇ ਇੰਨੇ ਲੋਕ ਮੌਜੂਦ ਹੋਣ ਦੇ ਬਾਵਜੂਦ ਕੋਈ ਵੀ ਸਿੱਖ ਨੌਜਵਾਨ ਦੀ ਮਦਦ ਲਈ ਅੱਗੇ ਕਿਉਂ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਿੱਖਾਂ ’ਤੇ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਘਟਨਾਵਾਂ ਵਧਣੀਆਂ ਚਿੰਤਾ ਦਾ ਵਿਸ਼ਾ ਹਨ।