ਮੋਹਾਲੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
Mohali Furniture Market Fire; ਮੋਹਾਲੀ ਦੇ ਜ਼ੀਰਕਪੁਰ ਸਥਿਤ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਕਾਰਨ ਕਰੀਬ 22 ਸ਼ੈੱਡ ਸੜ ਕੇ ਸੁਆਹ ਹੋ ਗਏ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇੱਕ ਤੋਂ ਬਾਅਦ ਇੱਕ ਸ਼ੈੱਡ ਇਸ ਦੀ ਲਪੇਟ ਵਿੱਚ ਆਉਂਦੇ ਗਏ। ਸ਼ੈੱਡਾਂ ਵਿੱਚ ਪਿਆ ਫਰਨੀਚਰ ਅਤੇ ਹੋਰ ਸਾਮਾਨ ਵੀ ਸੜ ਕੇ ਨਸ਼ਟ ਹੋ ਗਿਆ। ਇਸ ਹਾਦਸੇ ਵਿੱਚ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 7 ਤੋਂ 8 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਦੇਖ ਕੇ ਆਸ-ਪਾਸ ਦੇ ਦੁਕਾਨਦਾਰ ਅਤੇ ਲੋਕ ਵੀ ਮੌਕੇ ‘ਤੇ ਇਕੱਠੇ ਹੋ ਗਏ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾਣਾ ਬਾਕੀ ਹੈ।
ਪਹਿਲਾਂ ਵੀ ਕਈ ਵਾਰ ਲੱਗ ਚੁੱਕੀ ਹੈ ਅੱਗ
ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਅੱਗ ਲੱਗ ਚੁੱਕੀ ਹੈ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਮਾਰਕੀਟ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੱਗ ਦੀਆਂ ਅਜਿਹੀਆਂ ਘਟਨਾਵਾਂ ਵਿੱਚ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਅਤੇ ਜਮ੍ਹਾਂ ਪੂੰਜੀ ਤਬਾਹ ਹੋ ਜਾਂਦੀ ਹੈ। ਉਨ੍ਹਾਂ ਮੁਤਾਬਕ ਮਾਰਕੀਟ ਵਿੱਚ ਅੱਗ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਨਹੀਂ ਹਨ। ਕਾਰੋਬਾਰੀਆਂ ਨੇ ਪ੍ਰਸ਼ਾਸਨ ਤੋਂ ਮਾਰਕੀਟ ਵਿੱਚ ਅੱਗ ਤੋਂ ਬਚਾਅ ਲਈ ਪੱਕੇ ਅਤੇ ਢੁੱਕਵੇਂ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ।