PRTC ਬੱਸ ਨਾਲ ਜਿਮ ਮਾਲਕ ਦੀ ਮੌਕੇ ‘ਤੇ ਹੀ ਮੌਤ, ਟਾਇਰ ਹੇਠਾਂ ਆਇਆ ਨੌਜਵਾਨ
Ludhiana accident; ਲੁਧਿਆਣਾ ਦੇ ਪੰਜਾਬ ਹੈਂਡਲੂਮ, ਗਿੱਲ ਰੋਡ ‘ਤੇ 3 ਨਵੰਬਰ ਨੂੰ PRTC ਬੱਸ ਦੀ ਟੱਕਰ ਨਾਲ 27 ਸਾਲਾ ਬਾਈਕ ਸਵਾਰ ਦੀ ਮੌਤ ਹੋ ਗਈ। ਹਾਦਸੇ ਦੌਰਾਨ ਨੌਜਵਾਨ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਉਹ ਜਿਮ ਚਲਾਉਂਦਾ ਸੀ ਅਤੇ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਜਾ ਰਿਹਾ ਸੀ। ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਬੱਸ ਚਾਲਕ ਲਖਵਿੰਦਰ ਸਿੰਘ ਉਰਫ਼ ਲੱਖਾ, ਵਾਸੀ ਪਿੰਡ ਪਹਾੜ, ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮ੍ਰਿਤਕ ਦੇ ਭਰਾ ਪ੍ਰੇਮ ਪ੍ਰਕਾਸ਼, ਵਾਸੀ ਨਿਊ ਅੰਬੇਡਕਰ ਨਗਰ, 33 ਫੁੱਟਾ ਰੋਡ, ਗਿਆਸਪੁਰਾ ਨੇ ਪੁਲਿਸ ਨੂੰ ਦੱਸਿਆ ਕਿ 3 ਨਵੰਬਰ ਨੂੰ ਦੀਪਕ ਜਿਮ ਖੋਲ੍ਹਣ ਤੋਂ ਬਾਅਦ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਲਈ ਪੰਜਾਬ ਹੈਂਡਲੂਮ, ਗਿੱਲ ਰੋਡ ਵੱਲ ਜਾ ਰਿਹਾ ਸੀ। ਇਸ ਦੌਰਾਨ ਬੱਸ ਨੰਬਰ PB-10-GK-6548 ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਦੀਪਕ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਦੀਪਕ ਅਣਵਿਆਹਿਆ ਸੀ।
ਭਰਾ ਨੇ ਸੜਕ ਦੀ ਖ਼ਸਤਾ ਹਾਲਤ ‘ਤੇ ਚੁੱਕੇ ਸਵਾਲ
ਦੀਪਕ ਦੇ ਭਰਾ ਪ੍ਰੇਮ ਪ੍ਰਕਾਸ਼ ਨੇ ਇਸ ਹਾਦਸੇ ਲਈ ਸੜਕ ਦੀ ਮਾੜੀ ਹਾਲਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਦਾ ਦੋਸ਼ ਹੈ ਕਿ ਇਸ ਸੜਕ ‘ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਸੜਕ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮਾਮਲੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।