ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
Amritsar Heroin Seizure; ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 23 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ, ਮੈਗਜ਼ੀਨ, ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ। ਪੁਲਿਸ ਮੁਤਾਬਕ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਹੈ। ਦੋਵਾਂ ਮਾਮਲਿਆਂ ਵਿੱਚ ਮੰਗਲਵਾਰ ਨੂੰ NDPS ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ, ਜਦਕਿ ਪਹਿਲੇ ਮਾਮਲੇ ਵਿੱਚ Arms Act ਵੀ ਲਗਾਇਆ ਗਿਆ ਹੈ।
ਪਾਕਿਸਤਾਨੀ ਤਸਕਰ ਤੋਂ ਮੰਗਵਾਉਂਦਾ ਸੀ ਹੈਰੋਇਨ ਤੇ ਹਥਿਆਰ
ਪਹਿਲੇ ਮਾਮਲੇ ਵਿੱਚ ਲੋਪੋਕੇ ਥਾਣਾ ਪੁਲਿਸ ਨੇ BSF ਇੰਟੈਲੀਜੈਂਸ ਵਿੰਗ ਅਤੇ BSF ਦੀ 100 ਬਟਾਲੀਅਨ ਨਾਲ ਸਾਂਝੀ ਕਾਰਵਾਈ ਕਰਦਿਆਂ ਪਿੰਡ ਲੋਦੀਗੁੱਜਰ ਦੇ ਰਹਿਣ ਵਾਲੇ ਸੁਖਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। SHO ਜਸਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਹੇਮਤਪੁਰਾ-ਲੋਪੋਕੇ ਰੋਡ ‘ਤੇ ਨਾਕਾਬੰਦੀ ਕਰ ਰਹੀ ਸੀ।
ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਇੱਕ ਤਸਕਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਂਦਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਪਿੰਡ ਸੈਦਪੁਰਾ ਦੀ ਸੜਕ ‘ਤੇ ਨਾਕਾਬੰਦੀ ਕਰਕੇ ਉਸ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 13 ਕਿਲੋ ਹੈਰੋਇਨ, ਇੱਕ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਈ।
GT ਰੋਡ ‘ਤੇ ਦੋ ਮੁਲਜ਼ਮ ਹੈਰੋਇਨ ਸਮੇਤ ਕਾਬੂ
ਦੂਜੇ ਮਾਮਲੇ ਵਿੱਚ ਘਰਿੰਡਾ ਥਾਣਾ ਪੁਲਿਸ ਨੇ ਸਰਕਾਰੀ ਬਾਗ਼ ਨੇੜੇ GT ਰੋਡ ‘ਤੇ ਨਾਕਾਬੰਦੀ ਦੌਰਾਨ ਗੁਰਬਖਸ਼ਿਸ਼ ਸਿੰਘ ਉਰਫ਼ ਬਖ਼ਸ਼ਿਸ਼ ਅਤੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਨਸ਼ੇ ਦੀ ਖੇਪ ਲੈ ਕੇ ਆ ਰਹੇ ਹਨ।
ਤਲਾਸ਼ੀ ਦੌਰਾਨ ਦੋਵਾਂ ਕੋਲੋਂ 10 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਨ੍ਹਾਂ ਦਾ ਇੱਕ ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਦੋਵਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।